ਨਵੀਂ ਦਿੱਲੀ: ਅਮਰੀਕਾ ਵੱਲੋਂ ਉੱਚ ਹੁਨਰਮੰਦ ਕਾਮਿਆਂ ਲਈ ਐੱਚ-1ਬੀ ਵੀਜ਼ਾ ਲਈ 100,000 ਡਾਲਰ ਦੀ ਸਾਲਾਨਾ ਫੀਸ ਲਗਾਉਣ ਤੋਂ ਬਾਅਦ ਕਾਂਗਰਸ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਉਤੇ ‘ਕਮਜ਼ੋਰ ਪ੍ਰਧਾਨ ਮੰਤਰੀ’ ਹੋਣ ਦਾ ਦੋਸ਼ ਲਾਇਆ, ਜਿਨ੍ਹਾਂ ਦੀ ‘ਰਣਨੀਤਕ ਚੁੱਪ’ ਅਤੇ ‘ਫੋਕੀ ਬਿਆਨਬਾਜ਼ੀ’ ਨੂੰ ਤਰਜੀਹ ਭਾਰਤ ਲਈ ਨੁਕਸਾਨਦੇਹ ਬਣ ਗਈ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਹ ਵੀ ਕਿਹਾ ਕਿ ਵਿਦੇਸ਼ ਨੀਤੀ ਭਾਰਤ ਦੇ ਕੌਮੀ ਹਿੱਤਾਂ ਦੀ ਰਾਖੀ ਕਰਨ ਅਤੇ ‘ਭਾਰਤ ਨੂੰ ਪਹਿਲਾਂ’ ਰੱਖਣ ਬਾਰੇ ਹੈ, ਨਾ ਕਿ ‘ਸਮਾਗਮ’ ਕਰਨਾ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਐਕਸ’ ਉਤੇ ਇਕ ਪੋਸਟ ’ਚ ਕਿਹਾ, ‘‘ਮੈਂ ਦੁਹਰਾਉਂਦਾ ਹਾਂ ਕਿ ਭਾਰਤ ਦਾ ਪ੍ਰਧਾਨ ਮੰਤਰੀ ਕਮਜ਼ੋਰ ਹੈ।’’
ਕਾਂਗਰਸ ਪ੍ਰਧਾਨ ਖੜਗੇ ਨੇ ਪ੍ਰਧਾਨ ਮੰਤਰੀ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘‘ਜੱਫੀ ਪਾਓ, ਖੋਖਲੇ ਨਾਅਰੇ ਲਗਾਓ, ਸੰਗੀਤ ਸਮਾਰੋਹ ਕਰੋ ਅਤੇ ਲੋਕਾਂ ਨੂੰ ‘ਮੋਦੀ, ਮੋਦੀ’ ਦਾ ਨਾਅਰਾ ਲਗਾਉਣਾ ਵਿਦੇਸ਼ ਨੀਤੀ ਨਹੀਂ ਹੈ। ਵਿਦੇਸ਼ ਨੀਤੀ ਸਾਡੇ ਕੌਮੀ ਹਿੱਤਾਂ ਦੀ ਰਾਖੀ ਬਾਰੇ ਹੈ; ਭਾਰਤ ਨੂੰ ਪਹਿਲ ਦੇਣਾ ਅਤੇ ਸਿਆਣਪ ਅਤੇ ਸੰਤੁਲਨ ਨਾਲ ਦੋਸਤੀ ਨੂੰ ਅੱਗੇ ਵਧਾਉਣਾ। ਇਸ ਨੂੰ ਸਤਹੀ ਬਹਾਦਰੀ ਤੱਕ ਨਹੀਂ ਘਟਾਇਆ ਜਾ ਸਕਦਾ ਜੋ ਸਾਡੀ ਲੰਮੇ ਸਮੇਂ ਦੀ ਸਥਿਤੀ ਨੂੰ ਕਮਜ਼ੋਰ ਕਰਨ ਦਾ ਜੋਖਮ ਰੱਖਦਾ ਹੈ।’’
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਨਰਿੰਦਰ ਮੋਦੀ ਜੀ, ਜਨਮਦਿਨ ਦੇ ਫੋਨ ਤੋਂ ਬਾਅਦ ਤੁਹਾਨੂੰ ਮਿਲੇ ਵਾਪਸੀ ਦੇ ਤੋਹਫ਼ਿਆਂ ਤੋਂ ਭਾਰਤੀ ਦੁਖੀ ਹਨ। ਖੜਗੇ ਨੇ ਕਿਹਾ, ‘‘ਤੁਹਾਡੀ ‘ਅਬਕੀ ਬਾਰ, ਟਰੰਪ ਸਰਕਾਰ’ ਦੀ ਸਰਕਾਰ ਵਲੋਂ ਜਨਮਦਿਨ ਦਾ ਮੋੜਵਾਂ ਤੋਹਫ਼ਾ! ਐੱਚ-1ਬੀ ਵੀਜ਼ਾ ਉੱਤੇ 1,00,000 ਡਾਲਰ ਦੀ ਸਾਲਾਨਾ ਫੀਸ ਭਾਰਤੀ ਤਕਨੀਕੀ ਕਰਮਚਾਰੀਆਂ ਉਤੇ ਸੱਭ ਤੋਂ ਵੱਧ ਪ੍ਰਭਾਵਤ ਕਰਦੀ ਹੈ, ਐੱਚ-1ਬੀ ਵੀਜ਼ਾ ਧਾਰਕਾਂ ’ਚ 70 ਫੀਸਦੀ ਭਾਰਤੀ ਹਨ ਅਤੇ 50 ਫੀਸਦੀ ਟੈਰਿਫ ਪਹਿਲਾਂ ਹੀ ਲਗਾਏ ਜਾ ਚੁਕੇ ਹਨ।’’
ਉਸ ਨੇ ਹਾਇਰ ਐਕਟ ਦਾ ਵੀ ਹਵਾਲਾ ਦਿੱਤਾ, ਜਿਸ ਦਾ ਉਸ ਨੇ ਦਾਅਵਾ ਕੀਤਾ ਕਿ ਉਹ ਭਾਰਤੀ ਆਉਟਸੋਰਸਿੰਗ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਨੇ ਚਾਬਹਾਰ ਬੰਦਰਗਾਹ ਤੋਂ ਛੋਟ ਹਟਾਉਣ ਨੂੰ ‘ਸਾਡੇ ਰਣਨੀਤਕ ਹਿੱਤਾਂ ਲਈ ਨੁਕਸਾਨ’ ਵੀ ਕਿਹਾ। ਉਨ੍ਹਾਂ ਕਿਹਾ ਕਿ ਯੂਰਪੀ ਸੰਘ ਨੂੰ ਭਾਰਤੀ ਸਾਮਾਨ ਉੱਤੇ 100 ਫੀਸਦੀ ਟੈਰਿਫ ਲਗਾਉਣ ਦੀ ਮੰਗ ਵੀ ਹੈ।