PM Modi Gujarat Visit : “ਦੂਜੇ ਦੇਸ਼ਾਂ 'ਤੇ ਨਿਰਭਰਤਾ, ਸਾਡੇ ਦੇਸ਼ ਦੀ ਸੱਭ ਤੋਂ ਵੱਡੀ ਦੁਸ਼ਮਣ”
PM Modi Gujarat Visit : ਗੁਜਰਾਤ ਦੌਰੇ ਦੌਰਾਨ PM Modi ਨੇ ਦੇਸ਼ ਨੂੰ ਸਵੈ-ਨਿਰਭਰ ਬਣਨ ਲਈ ਕੀਤਾ ਉਤਸ਼ਾਹਤ
During his Gujarat Visit, PM Modi Encouraged the Country to Become Self-Reliant Latest News in Punjabi ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਗੁਜਰਾਤ ਦੇ ਇੱਕ ਦਿਨ ਦੇ ਦੌਰੇ 'ਤੇ ਭਾਵਨਗਰ ਪਹੁੰਚੇ। ਉਨ੍ਹਾਂ ਨੇ ਭਾਵਨਗਰ ਵਿਚ ਲਗਭਗ 35 ਮਿੰਟ ਲਈ ਜਨਤਾ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਵਿਕਸਤ ਭਾਰਤ, ਕਾਨੂੰਨਾਂ ਵਿਚ ਬਦਲਾਅ ਅਤੇ ਸਵੈ-ਨਿਰਭਰ ਭਾਰਤ ਬਾਰੇ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਦੁਨੀਆਂ ਵਿਚ ਸਾਡਾ ਕੋਈ ਦੁਸ਼ਮਣ ਨਹੀਂ ਹੈ। ਅਸਲ ਵਿਚ, ਜੇ ਸਾਡਾ ਕੋਈ ਦੁਸ਼ਮਣ ਹੈ, ਤਾਂ ਉਹ ਸਾਡੀ ਦੂਜੇ ਦੇਸ਼ਾਂ 'ਤੇ ਨਿਰਭਰਤਾ ਹੈ। ਸਾਨੂੰ ਮਿਲ ਕੇ ਭਾਰਤ ਦੇ ਇਸ ਦੁਸ਼ਮਣ ਨੂੰ ਹਰਾਉਣਾ ਚਾਹੀਦਾ ਹੈ।
ਦੂਜਿਆਂ 'ਤੇ ਨਿਰਭਰ ਹੋਣ ਨਾਲ ਸਾਡੇ ਆਤਮ-ਸਨਮਾਨ ਨੂੰ ਠੇਸ ਪਹੁੰਚੇਗੀ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਜ਼ੋਖ਼ਮ ਵਿਚ ਨਹੀਂ ਪਾ ਸਕਦੇ। ਇਸ ਲਈ ਕਹਾਵਤ ਹੈ, "100 ਸਮੱਸਿਆਵਾਂ ਦਾ ਇਲਾਜ ਸਵੈ-ਨਿਰਭਰ ਭਾਰਤ।"
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸਵੇਰੇ 10 ਵਜੇ ਭਾਵਨਗਰ ਪਹੁੰਚੇ। ਇਸ ਤੋਂ ਬਾਅਦ, ਉਨ੍ਹਾਂ ਨੇ ਹਵਾਈ ਅੱਡੇ ਤੋਂ ਜਵਾਹਰ ਮੈਦਾਨ ਤਕ ਇਕ ਰੋਡ ਸ਼ੋਅ ਕੀਤਾ। ਉਨ੍ਹਾਂ ਨੇ "ਸਮੁੰਦਰ ਸੇ ਸਮ੍ਰਿੱਧੀ" ਪ੍ਰੋਗਰਾਮ ਦੇ ਤਹਿਤ ਸੌਰਾਸ਼ਟਰ ਅਤੇ ਗੁਜਰਾਤ ਵਿਚ ₹34,200 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਇਹ ਯੋਜਨਾਵਾਂ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ, ਗੁਜਰਾਤ ਮੈਰੀਟਾਈਮ ਬੋਰਡ ਅਤੇ ਹੋਰ ਰਾਜ ਮੈਰੀਟਾਈਮ ਬੋਰਡਾਂ ਨਾਲ ਜੁੜੀਆਂ ਹੋਈਆਂ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਧੋਲੇਰਾ ਦਾ ਹਵਾਈ ਸਰਵੇਖਣ ਕੀਤਾ। ਉਹ ਅਹਿਮਦਾਬਾਦ ਦੇ ਲੋਥਲ ਵਿਚ ਨੈਸ਼ਨਲ ਮਰੀਨ ਹੈਰੀਟੇਜ ਕੰਪਲੈਕਸ (NMHC) ਦਾ ਵੀ ਦੌਰਾ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵਨਗਰ ਤੋਂ ਬੈਲਾਰਡ ਪੀਅਰ ਵਿਖੇ ਅਤਿ-ਆਧੁਨਿਕ ਮੁੰਬਈ ਇੰਟਰਨੈਸ਼ਨਲ ਕਰੂਜ਼ ਟਰਮੀਨਲ (ਐਮਆਈਸੀਟੀ) ਦਾ ਵਰਚੁਅਲੀ ਉਦਘਾਟਨ ਕੀਤਾ।
ਗੁਜਰਾਤ ਦੌਰੇ ਦੌਰਾਨ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸਵੈ-ਨਿਰਭਰ ਬਣਨ ਲਈ ਉਤਸ਼ਾਹਤ ਕੀਤਾ ਉਥੇ ਹੀ ਉਨ੍ਹਾਂ ਕਾਂਗਰਸ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਭਾਰਤ ਕੋਲ ਹੁਨਰਾਂ ਦੀ ਕੋਈ ਕਮੀ ਨਹੀਂ ਹੈ ਪਰ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਦੇਸ਼ ਦੇ ਹੁਨਰ ਤੇ ਜਜਬੇ ਨੂੰ ਨਜ਼ਰਅੰਦਾਜ਼ ਕੀਤਾ। ਛੇ ਤੋਂ ਸੱਤ ਦਹਾਕਿਆਂ ਤਕ, ਭਾਰਤ ਉਹ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਿਆ ਜਿਸ ਦੀ ਉਹ ਹੱਕਦਾਰ ਸੀ। ਇਸ ਦੇ ਦੋ ਵੱਡੇ ਕਾਰਨ ਸਨ: ਲੰਬੇ ਸਮੇਂ ਤਕ, ਕਾਂਗਰਸ ਸਰਕਾਰ ਨੇ ਦੇਸ਼ ਨੂੰ ਲਾਇਸੈਂਸ ਕੋਟਾ ਰਾਜ ਵਿਚ ਫਸਾਇਆ। ਜਦੋਂ ਵਿਸ਼ਵੀਕਰਨ ਦਾ ਯੁੱਗ ਆਇਆ, ਤਾਂ ਉਨ੍ਹਾਂ ਨੇ ਦਰਾਮਦਾਂ ਦਾ ਸਹਾਰਾ ਲਿਆ ਅਤੇ ਕਰੋੜਾਂ ਰੁਪਏ ਦੇ ਘੁਟਾਲੇ ਕੀਤੇ। ਇਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਬਹੁਤ ਨੁਕਸਾਨ ਹੋਇਆ। ਇਨ੍ਹਾਂ ਨੀਤੀਆਂ ਨੇ ਭਾਰਤ ਦੀ ਅਸਲ ਤਾਕਤ ਨੂੰ ਪ੍ਰਗਟ ਹੋਣ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਦੋਸਤੋ, ਸਾਡਾ ਸ਼ਿਪਿੰਗ ਸੈਕਟਰ ਦੇਸ਼ ਨੂੰ ਹੋਏ ਨੁਕਸਾਨ ਦੀ ਇਕ ਉਦਾਹਰਣ ਹੈ। ਭਾਰਤ ਸਦੀਆਂ ਤੋਂ ਸਮੁੰਦਰੀ ਸ਼ਕਤੀ ਸੀ। ਅਸੀਂ ਜਹਾਜ਼ ਨਿਰਮਾਣ ਦਾ ਕੇਂਦਰ ਹੁੰਦੇ ਸੀ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਭਾਰਤ ਨੇ 2047 ਤਕ ਵਿਕਾਸ ਕਰਨਾ ਹੈ, ਤਾਂ ਭਾਰਤ ਨੂੰ ਸਵੈ-ਨਿਰਭਰ ਬਣਨਾ ਪਵੇਗਾ। ਸਾਡੇ ਕੋਲ ਸਵੈ-ਨਿਰਭਰ ਬਣਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। 1.4 ਅਰਬ ਦੇਸ਼ ਵਾਸੀਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਚਾਹੇ ਉਹ ਚਿਪਸ ਹੋਣ ਜਾਂ ਜਹਾਜ਼, ਅਸੀਂ ਉਨ੍ਹਾਂ ਦਾ ਨਿਰਮਾਣ ਭਾਰਤ ਵਿਚ ਹੀ ਕਰਾਂਗੇ। ਹੁਣ ਸਾਨੂੰ ਕਾਰੋਬਾਰ ਅਤੇ ਵਪਾਰ ਨੂੰ ਹੋਰ ਵੀ ਸਰਲ ਬਣਾਉਣ ਦੀ ਲੋੜ ਹੈ। ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ, ਅਸੀਂ ਬ੍ਰਿਟਿਸ਼ ਯੁੱਗ ਦੇ ਕਈ ਪੁਰਾਣੇ ਕਾਨੂੰਨਾਂ ਵਿਚ ਸੋਧ ਕੀਤੀ। ਅਸੀਂ ਸਮੁੰਦਰੀ ਖੇਤਰ ਵਿਚ ਵੀ ਸੁਧਾਰ ਕੀਤਾ ਹੈ। ਇਹ ਕਾਨੂੰਨ ਸ਼ਿਪਿੰਗ ਖੇਤਰ ਵਿਚ ਵੱਡੇ ਬਦਲਾਅ ਲਿਆਉਣਗੇ।