ਸੀਨੀਅਰ ਆਈ.ਪੀ.ਐਸ. ਅਧਿਕਾਰੀ ਪ੍ਰਵੀਰ ਰੰਜਨ ਸੀ.ਆਈ.ਐਸ.ਐਫ. ਮੁਖੀ ਨਿਯੁਕਤ
ਮੌਜੂਦਾ ਪ੍ਰਧਾਨ ਰਾਜਵਿੰਦਰ ਸਿੰਘ ਭੱਟੀ ਦੀ ਲੈਣਗੇ ਥਾਂ
ਨਵੀਂ ਦਿੱਲੀ: ਸੀਨੀਅਰ ਆਈ.ਪੀ.ਐਸ. ਅਧਿਕਾਰੀ ਪ੍ਰਵੀਰ ਰੰਜਨ ਅਤੇ ਪ੍ਰਵੀਨ ਕੁਮਾਰ ਨੂੰ ਕ੍ਰਮਵਾਰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਅਤੇ ਭਾਰਤ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਏ.ਜੀ.ਐਮ.ਯੂ.ਟੀ. (ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼) ਕੈਡਰ ਦੇ 1993 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਅਧਿਕਾਰੀ ਰੰਜਨ ਇਸ ਸਮੇਂ ਸੀ.ਆਈ.ਐਸ.ਐਫ. ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾ ਰਹੇ ਹਨ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਉਨ੍ਹਾਂ ਦੀ ਸੇਵਾਮੁਕਤੀ ਦੀ ਤਰੀਕ 31 ਜੁਲਾਈ 2029 ਤੱਕ ਦੀ ਮਿਆਦ ਲਈ ਸੀ.ਆਈ.ਐਸ.ਐਫ. ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਮੌਜੂਦਾ ਪ੍ਰਧਾਨ ਰਾਜਵਿੰਦਰ ਸਿੰਘ ਭੱਟੀ ਦੀ ਥਾਂ ਲੈਣਗੇ, ਜੋ ਇਸ ਮਹੀਨੇ ਦੇ ਅਖੀਰ ਵਿਚ ਸੇਵਾਮੁਕਤ ਹੋਣ ਵਾਲੇ ਹਨ। ਇੰਟੈਲੀਜੈਂਸ ਬਿਊਰੋ ਦੇ ਵਿਸ਼ੇਸ਼ ਡਾਇਰੈਕਟਰ ਪ੍ਰਵੀਨ ਕੁਮਾਰ ਨੂੰ 30 ਸਤੰਬਰ, 2030 ਤੱਕ ਦੀ ਮਿਆਦ ਲਈ ਆਈਟੀਬੀਪੀ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।