Fighter jet MiG-21 ਭਾਰਤੀ ਹਵਾਈ ਫੌਜ ’ਚੋਂ 26 ਸਤੰਬਰ ਨੂੰ ਸੇਵਾ ਮੁਕਤ ਹੋਵੇਗਾ
ਤਿੰਨ ਜੰਗਾਂ ’ਚ ਹਿੱਸਾ ਲੈਣ ਵਾਲੇ ਮਿਗ-21 ਨੂੰ 62 ਸਾਲ ਪਹਿਲਾਂ ਭਾਰਤੀ ਹਵਾਈ ਫ਼ੌਜ ’ਚ ਹੋਇਆ ਸੀ ਸ਼ਾਮਲ
Fighter jet MiG-21 news : ਭਾਰਤੀ ਹਵਾਈ ਫੌਜ ਦੀ ਰੀੜ੍ਹ ਦੀ ਹੱਡੀ ਵਜੋਂ ਜਾਣਿਆ ਜਾਣ ਵਾਲਾ ਲੜਾਕੂ ਜਹਾਜ਼ ਮਿਗ-21 ਆਉਂਦੀ 26 ਸਤੰਬਰ ਨੂੰ ਸੇਵਾਮੁਕਤ ਹੋਵੇਗਾ। ਆਪਣੀ 62 ਸਾਲਾਂ ਦੀ ਸੇਵਾ ਦੌਰਾਨ ਮਿਗ-21 ਨੇ 1971 ਦੀ ਜੰਗ, ਕਾਰਗਿਲ ਯੁੱਧ ਅਤੇ ਕਈ ਹੋਰ ਮਿਸ਼ਨਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ।
ਹੁਣ ਮਿਗ-21 ਦੀ ਥਾਂ ਤੇਜਸ ਐਲਸੀਏ ਮਾਰਕ 1ਏ ਨੂੰ ਲਿਆ ਜਾਵੇਗਾ। ਚੰਡੀਗੜ੍ਹ ਏਅਰਬੇਸ ’ਤੇ ਲੜਾਕੂ ਜਹਾਜ਼ ਨੂੰ ਵਿਦਾਈ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਮਿਗ 21 ਦੀਆਂ ਸੇਵਾਵਾਂ ਅਧਿਕਾਰਕ ਤੌਰ ’ਤੇ ਖਤਮ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਮਿਗ-21 ਨੂੰ ਪਹਿਲੀ ਵਾਰ 1963 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ। ਲੜਾਕੂ ਜਹਾਜ਼ ਦੀ ਆਖਰੀ ਸਕੁਐਡਰਨ (36 ਮਿਗ-21) ਰਾਜਸਥਾਨ ਦੇ ਬੀਕਾਨੇਰ ਦੇ ਨਾਲ ਏਅਰਬੇਸ ’ਤੇ ਤਾਇਨਾਤ ਹਨ। ਇਹਨਾਂ ਨੂੰ ਨੰਬਰ 3 ਸਕੁਐਡਰਨ ਕੋਬਰਾ ਅਤੇ ਨੰਬਰ 23 ਸਕੁਐਡਰਨ ਪੈਂਥਰ ਵਜੋਂ ਜਾਣਿਆ ਜਾਂਦਾ ਹੈ।
ਲੜਾਕੂ ਜਹਾਜ਼ ਮਿਗ-21 ਨੇ 1965 ਦੀ ਭਾਰਤ-ਪਾਕਿ ਜੰਗ, 1971 ਦੀ ਬੰਗਲਾਦੇਸ਼ ਮੁਕਤੀ ਜੰਗ ਅਤੇ 1999 ਦੀ ਕਾਰਗਿਲ ਜੰਗ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਰੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ 400 ਤੋਂ ਜ਼ਿਆਦਾ ਮਿਗ-21 ਜਹਾਜ਼ ਕਰੈਸ਼ ਹੋਏ ਅਤੇ ਇਨ੍ਹਾਂ ਹਾਦਸਿਆਂ ਦੌਰਾਨ 200 ਤੋਂ ਜ਼ਿਆਦਾ ਪਾਇਲਟ ਮਾਰੇ ਗਏ ਹਨ।