ਯੂ.ਐਸ. ਸੈਨੇਟ ਦਾ ਸੈਸ਼ਨ ਸਿੱਖ ਅਰਦਾਸ ਨਾਲ ਹੋਇਆ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

550ਵੀਂ ਸ਼ਤਾਬਦੀ ਨੂੰ ਵਿਸ਼ਵ ਬਰਾਬਰੀ ਦਿਵਸ ਵਜੋਂ ਐਲਾਨਣ ਲਈ ਮਤਾ ਪੇਸ਼

US Senate session begins with Sikh prayer

ਅਮਰੀਕਾ 'ਚ ਰਹਿੰਦੇ ਸਿੱਖਾਂ ਲਈ 16 ਅਕਤੂਬਰ ਦਾ ਦਿਨ ਬਣਿਆ ਇਤਿਹਾਸਕ
ਕੋਟਕਪੂਰਾ  (ਗੁਰਿੰਦਰ ਸਿੰਘ) : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸ.ਸੀ.ਸੀ.ਈ.ਸੀ.) ਅਤੇ ਅਮਰੀਕੀ ਸਿੱਖ ਕਾਕਸ ਕਮੇਟੀ (ਏ.ਐਸ.ਸੀ.ਸੀ.) ਦੇ ਸਹਿਯੋਗੀ ਯਤਨਾਂ ਸਦਕਾ ਯੂ.ਐਸ. ਸੈਨੇਟ ਅਤੇ ਪ੍ਰਤੀਨਿਧ ਸਭਾ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ 'ਵਿਸ਼ਵ ਬਰਾਬਰੀ ਦਿਵਸ' ਵਜੋਂ ਘੋਸ਼ਿਤ ਕਰਨ ਲਈ ਮਤੇ ਪੇਸ਼ ਕੀਤੇ।ਫਿਲਾਡਲਫੀਆ ਸਿੱਖ ਸੁਸਾਇਟੀ, ਮੈਲਬੋਰਨ ਗੁਰਦੁਆਰਾ ਦੇ ਗਿਆਨੀ ਸੁਖਵਿੰਦਰ ਸਿੰਘ, ਸੈਨੇਟ ਦੇ ਪ੍ਰੋ-ਟਰਮ-ਸੈਨੇਟਰ ਪੈਟਰਿਕ ਟੂਮੀ-ਦੇ ਕੋਲ ਖੜੇ ਹੋਏ, ਜਦੋਂ ਸਿੱਖ ਯੂ.ਐਸ. ਦੇ ਸੈਨੇਟ ਚੈਂਬਰ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਸਨ।

ਅਮਰੀਕਾ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਬੁਲਾਰੇ ਹਰਜਿੰਦਰ ਸਿੰਘ ਅਤੇ ਐਸ.ਸੀ.ਸੀ.ਈ.ਸੀ. ਦੇ ਕੋਆਰਡੀਨੇਟਰ ਹਿੰਮਤ ਸਿੰਘ ਵਲੋਂ 'ਰੋਜ਼ਾਨਾ ਸਪੋਕਸਮੈਨ' ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ ਅਨੁਸਾਰ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਸੈਨੇਟਰ ਟੂਮੀ ਨੇ ਸਿੱਖ ਧਰਮ ਪ੍ਰਤੀ ਅਪਣੀ ਸ਼ਰਧਾ ਭਾਵਨਾ ਪ੍ਰਗਟ ਕਰਦਿਆਂ ਅਮਰੀਕਾ 'ਚ ਸਿੱਖ ਅਮਰੀਕਨਾਂ ਦੇ ਵਿਸ਼ਾਲ ਯੋਗਦਾਨ ਬਾਰੇ ਦਸਿਆ।

ਉਨ੍ਹਾਂ ਕਿਹਾ ਕਿ “ਸਿੱਖ ਅਮਰੀਕਾ ਵਿਚ 100 ਸਾਲ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਹਨ ਪਰ ਬੀਤੀ 16 ਅਕਤੂਬਰ ਦਾ ਦਿਨ ਸਿੱਖ ਧਰਮ ਲਈ ਇਤਿਹਾਸਕ ਦਿਨ ਬਣ ਗਿਆ।” ਉਨ੍ਹਾਂ ਗੁਰੂ ਨਾਨਕ ਸਾਹਿਬ ਵਲੋਂ 500 ਸਾਲ ਪਹਿਲਾਂ ਦਿਤੇ ਸਮੁੱਚੀ ਮਨੁੱਖਤਾ ਦੀ ਸਮਾਨਤਾ ਦੇ ਸਰਵ ਵਿਆਪਕ ਸੰਦੇਸ਼ ਦੀ ਵੀ ਵਿਆਖਿਆ ਕੀਤੀ।
ਉਨ੍ਹਾਂ ਬਾਬੇ ਨਾਨਕ ਦੇ ਸਿਧਾਂਤ ਜਿਵੇਂ ਕਿ ਜਾਤ-ਪਾਤ ਨੂੰ ਨਕਾਰਨ, ਇਕ ਪ੍ਰਮਾਤਮਾ ਦੇ ਸਿਮਰਨ ਦੇ ਮਾਰਗ ਦਰਸ਼ਕ ਸਿਧਾਂਤਾਂ, ਇਮਾਨਦਾਰ ਜੀਵਨ ਦੀ ਕਮਾਈ ਅਤੇ ਇਸ ਨੂੰ ਘੱਟ ਕਿਸਮਤ ਵਾਲੇ ਲੋਕਾਂ ਨਾਲ ਸਾਂਝਾ ਕਰਨ ਬਾਰੇ ਗੱਲ ਕੀਤੀ।

ਉਨ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ 550ਵੇਂ ਪ੍ਰਕਾਸ਼ ਪੁਰਬ ਮੌਕੇ 30 ਮਿਲੀਅਨ ਮਜ਼ਬੂਤ ਗਲੋਬਲ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ 12 ਨਵੰਬਰ ਨੂੰ 'ਵਿਸ਼ਵ ਬਰਾਬਰੀ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ। ਰਾਜ ਸਿੰਘ ਜੋ ਇਸ ਵਿਸ਼ੇਸ਼ ਮੌਕੇ ਉਤਰ ਪੂਰਬੀ ਰਾਜਾਂ ਦੇ ਇਕ ਵੱਡੇ ਸਿੱਖ ਵਫ਼ਦ ਦੀ ਅਗਵਾਈ ਕਰ ਰਹੇ ਸਨ, ਸੈਨੇਟ ਦੀ ਮੰਜ਼ਲ 'ਤੇ ਦਿਤੇ ਸੈਨੇਟਰਾਂ ਦੇ ਬਿਆਨ ਸੁਣਨ ਲਈ ਬੇਚੈਨ ਸਨ।

ਡੈਲਾਵੇਅਰ ਕਾਉਂਟੀ ਪੈਨਸਿਲਵੇਨੀਆ ਵਿਖੇ ਪ੍ਰਤੀਨਿਧ ਸਦਨ ਵਿਚ ਕੈਲੇਫ਼ੋਰਨੀਆ ਦੇ ਯੂ.ਐਸ. ਕਾਂਗਰਸ ਮੈਂਬਰ ਜਿਮ ਕੋਸਟਾ ਨੇ ਗੁਰੂ ਨਾਨਕ ਸਾਹਿਬ ਪ੍ਰਤੀ ਅਪਣੀ ਸ਼ਰਧਾ ਪ੍ਰਗਟ ਕਰਦਿਆਂ ਸਿੱਖਾਂ ਨੂੰ ਬਾਬੇ ਨਾਨਕ ਦੇ 550ਵੇਂ ਜਨਮ ਦਿਵਸ ਦੀ ਵਧਾਈ ਦਿਤੀ। ਸੈਨੇਟ ਡਿਰਕਸੇਨ ਬਿਲਡਿੰਗ 'ਚ ਸ਼ਾਮ ਨੂੰ ਸੈਨੇਟਟਰ ਟੂਮੀ ਦੀ ਪ੍ਰਧਾਨਗੀ ਹੇਠ ਇਸ ਅਵਸਰ ਨੂੰ ਮਨਾਉਣ ਲਈ ਇਕ ਇੰਟਰਫੇਥ ਕਾਨਫ਼ਰੰਸ ਕੀਤੀ ਗਈ। ਇਸ ਅੰਤਰ-ਧਰਮ ਸੰਵਾਦ ਦੌਰਾਨ ਕਈ ਯੂ.ਐਸ. ਕਾਂਗਰਸਮੈਨ, ਬਹੁ-ਵਿਸ਼ਵਾਸੀ ਧਾਰਮਕ ਨੇਤਾ ਅਤੇ ਕਈ ਯੂ.ਐਸ. ਸਿੱਖ ਨੇਤਾਵਾਂ ਨੇ ਵਿਚਾਰ ਪ੍ਰਗਟ ਕੀਤੇ।