ਜਦੋਂ ਤਕ ਵੈਕਸੀਨ ਨਹੀਂ ਆ ਜਾਂਦੀ, ਉਦੋਂ ਤਕ ਕੋਰੋਨਾ ਨਾਲ ਜੰਗ ਜਾਰੀ ਰਹੇਗੀ : ਨਰਿੰਦਰ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਤੁਹਾਡੀ ਢਿੱੱਲ, ਤੁਹਾਡੇ ਖੁਦ ਤੇ ਪਰਵਾਰ ਲਈ ਨੁਕਸਾਨਦੇਹ

image

ਨਵੀਂ ਦਿੱਲੀ, 20 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਕਾਲ ਵਿਚ ਅਪਣੇ 7ਵੇਂ ਤੇ 12 ਮਿੰਟਾਂ ਦੇ ਸੰਬੋਧਨ 'ਚ ਕਿਹਾ ਕਿ ਕੋਰੋਨਾ ਵਿਰੁਧ ਲੜਾਈ ਵਿਚ ਜਨਤਾ ਕਰਫ਼ਿਊ ਤੋਂ ਲੈ ਕੇ ਅੱਜ ਤਕ ਦੇਸ਼ ਨੇ ਲੰਬੀ ਲੜਾਈ ਲੜੀ ਹੈ ਪਰ ਅਜੇ ਕੋਰੋਨਾ ਵਿਰੁਧ ਲੜਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲਾਪਰਵਾਹ ਬਿਲਕੁਲ ਨਹੀਂ ਹੋਣਾ ਹੈ।


ਕੋਰੋਨਾ ਵੈਕਸੀਨ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਬੋਲਦਿਆਂ ਕਿਹਾ ਕਿ ਜਦੋਂ ਤਕ ਵੈਕਸੀਨ ਨਹੀਂ, ਉਦੋਂ ਤਕ ਕੋਈ ਢਿੱਲ ਨਹੀਂ। ਭਾਰਤ ਵਿਚ ਵੈਕਸੀਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਪੂਰੀ ਦੁਨੀਆ 'ਚ ਵੈਕਸੀਨ ਦਾ ਕੰਮ ਜਾਰੀ ਹੈ। ਥੋੜ੍ਹੀ ਜਿਹੀ ਲਾਪ੍ਰਵਾਹੀ ਖੇਡ ਵਿਗਾੜ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਸੁਰੱਖਿਅਤ ਦੇਖਣਾ ਚਾਹੁੰਦਾ ਹਾਂ।ਤਿਉਹਾਰਾਂ ਦੇ ਮੌਸਮ ਵਿਚ ਬਜ਼ਾਰਾਂ ਵਿਚ ਰੌਣਕ ਪਰਤ ਰਹੀ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਕਿ ਤਾਲਾਬੰਦੀ ਭਾਵੇਂ ਹੀ ਹਟੀ ਹੈ ਪਰ ਵਾਇਰਸ ਅਜੇ ਨਹੀਂ ਗਿਆ।


ਉਨ੍ਹਾਂ ਕਿਹਾ ਕਿ ਦੇਸ਼ 'ਚ ਕੋਰੋਨਾ ਮਰੀਜ਼ਾਂ ਲਈ 90 ਲੱਖ ਬੈਡ, 12 ਹਜ਼ਾਰ ਕਵਾਰਟਾਈਨ ਸੈਂਟਰ, 2 ਹਜ਼ਾਰ ਕੋਰੋਨਾ ਟੈਸਟਿੰਗ ਲੈਬ, ਮੌਜੂਦ ਹਨ, ਜ਼ਲਦ ਹੀ ਅਸੀਂ ਕੋਰੋਨਾ ਟੈਸਟਾਂ ਦੇ 10 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਵਾਂਗੇ। ਕੋਰੋਨਾ ਨਾਲ ਲੜਾਈ 'ਚ ਟੈਸਟ ਕਰਨਾ ਹੀ ਵੱਡੀ ਤਾਕਤ ਹੈ। ਉਨ੍ਹਾਂ ਮੀਡੀਆ ਅਤੇ ਸ਼ੋਸ਼ਲ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਜਿਨਾ ਹੋ ਸਕੇ ਉਨਾ ਵੱਧ ਕੋਰੋਨਾ ਸਬੰਧੀ ਜਾਗਰੁਕਤਾ ਅਭਿਆਨ ਚਲਾਉਣ।


ਮੋਦੀ ਨੇ ਕਿਹਾ ਕਿ ਭਾਰਤ ਦੇ ਹਾਲਤ ਦੁਨੀਆ ਨਾਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਸਬੰਧੀ ਕਿਤੇ ਬਿਹਤਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਾਨੂੰ ਸੰਭਲੀ ਸਥਿਤੀ ਨੂੰ ਵਿਗੜਨ ਨਹੀਂ ਦੇਣਾ ਹੈ। ਭਾਰਤ 'ਚ ਕੋਰੋਨਾ ਰਿਕਵਰੀ ਰੇਟ ਕਾਫ਼ੀ ਵੱਧ ਹਨ। ਦੇਸ਼ 'ਚ 12 ਹਜ਼ਾਰ ਕੁਆਰੰਟੀਨ ਸੈਂਟਰ ਹਨ। ਉਨ੍ਹਾਂ ਕਿਹਾ ਕਿ ਸਾਡੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ ਨੇ ਇੰਨੀ ਵੱਡੀ ਆਬਾਦੀ ਦੀ ਨਿਸਵਾਰਥ ਸੇਵਾ ਕਰ ਰਹੇ ਹਨ। ਇਨ੍ਹਾਂ ਸਾਰਿਆਂ ਦੀਆਂ ਕੋਸ਼ਿਸ਼ਾਂ ਵਿਚ ਇਹ ਸਮਾਂ ਲਾਪਰਵਾਹ ਹੋਣ ਦਾ ਨਹੀਂ ਹੈ। ਕਈਆਂ ਨੇ ਸਾਵਧਾਨੀ ਵਰਤਣਾ ਬੰਦ ਕਰ ਦਿਤਾ ਹੈ, ਇਹ ਦੇਸ਼ ਲਈ ਬਿਲਕੁਲ ਠੀਕ ਨਹੀਂ ਹੈ। ਜੇਕਰ ਤੁਸੀਂ ਲਾਪਰਵਾਹੀ ਵਰਤ ਰਹੇ ਹੋ, ਬਿਨਾਂ ਮਾਸਕ ਦੇ ਬਾਹਰ ਜਾ ਰਹੇ ਹੋ ਤਾਂ ਇਹ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਵੱਡੇ ਸੰਕਟ ਵਿਚ ਪਾ ਰਹੇ ਹੋ।


ਮੋਦੀ ਨੇ ਸਾਰੇ ਦੇਸ਼ ਵਾਸੀਆਂ ਨੂੰ ਸੁਰੱਖਿਤ ਰਹਿਣ ਤੇ ਆਪ ਅੱਗੇ ਵਧਣ ਤੇ ਮਿਲ ਕੇ ਦੇਸ਼ ਨੂੰ ਅੱਗੇ ਵਧਾਉਣ ਦੀ ਅਪੀਲ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਨਵਰਾਤਿਆਂ, ਦੁਸ਼ਹਿਰੇ, ਈਦ, ਦਿਵਾਲੀ, ਗੁਰੂ ਨਾਨਕ ਜੈਯੰਤੀ, ਛਠ ਸਣੇ ਅੱਗੇ ਆ ਰਹੇ ਤਿਉਹਾਰਾਂ ਦੀ ਵਧਾਈ ਵੀ ਦਿਤੀ। (ਏਜੰਸੀ)


      
ਮੋਦੀ ਜੀ ਦੇਸ਼ ਨੂੰ ਦੱਸਣ ਕਿ ਚੀਨੀ ਫ਼ੌਜੀ ਭਾਰਤੀ ਸਰਹੱਦ ਤੋਂ ਕਦੋਂ ਬਾਹਰ ਕੱਢੇ ਜਾਣਗੇ : ਰਾਹੁਲ

image



ਨਵੀਂ ਦਿੱਲੀ, 20 ਅਕਤੂਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਤੋਂ ਪਹਿਲਾਂ ਤੰਜ ਕਸਦਿਆਂ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਤਾਰੀਖ਼ ਤਕ ਚੀਨੀ ਫ਼ੌਜੀਆਂ ਨੂੰ ਭਾਰਤੀ ਸਰਹੱਦ ਤੋਂ ਬਾਹਰ ਕੱਢਿਆ ਜਾਵੇਗਾ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਅਪਣੇ 6 ਵਜੇ ਦੇ ਸੰਬੋਧਨ 'ਚ ਕ੍ਰਿਪਾ ਕਰ ਕੇ ਦੇਸ਼ ਨੂੰ ਦੱਸੋ ਕਿ ਕਿਸ ਤਾਰੀਖ਼ ਤਕ ਤੁਸੀਂ ਚੀਨੀਆਂ ਨੂੰ ਭਾਰਤੀ ਸਰਹੱਦ ਤੋਂ ਬਾਹਰ ਕੱਢ ਕੇ ਸੁੱਟੋਗੇ। ਤੁਹਾਡਾ ਧੰਨਵਾਦ। (ਏਜੰਸੀ)