ਬੈਂਕ 'ਚੋਂ 1.50 ਕਰੋੜ ਦੀ ਨਕਦੀ, ਸੋਨਾ ਲੁੱਟਣ ਵਾਲੇ ਗਿਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਗਿਰੋਹ ਬਿਹਾਰ, ਰਾਜਸਥਾਨ, ਪੱਛਮੀ ਬੰਗਾਲ, ਉੜੀਸਾ ਅਤੇ ਝਾਰਖੰਡ ਵਿੱਚ ਬੈਂਕ ਲੁੱਟਣ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ

Four members of the gang who robbed the bank of 1.50 crore cash and gold were arrested

 

 ਝਾਰਖੰਡ: ਅਗਸਤ ਮਹੀਨੇ ਸ਼ਹਿਰ ਵਿੱਚ ਸਰਕਾਰੀ ਬੈਂਕ ਦੀ ਇੱਕ ਸ਼ਾਖਾ ਤੋਂ 1.50 ਕਰੋੜ ਰੁਪਏ ਦੀ ਨਕਦੀ ਅਤੇ ਸੋਨਾ ਲੁੱਟਣ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।  ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਚਾਰੇ ਦੋਸ਼ੀ ਮੰਗਲਵਾਰ ਨੂੰ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਐਸਐਸਪੀ ਨੇ ਕਿਹਾ ਕਿ ਗਿਰੋਹ ਦਾ ਆਗੂ ਪਟਨਾ ਦੀ ਬੇਉਰ ਜੇਲ੍ਹ ਵਿੱਚ ਬੰਦ ਹੈ ਅਤੇ ਪੂਰਬੀ ਸਿੰਘਭੂਮ ਜ਼ਿਲ੍ਹਾ ਪੁਲਿਸ ਨੇ ਅਦਾਲਤ ਨੂੰ ਉਸ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।
ਗਿਰੋਹ ਨੇ 18 ਅਗਸਤ ਨੂੰ ਉਲੀਡੀਹ ਸਥਿਤ ਬੈਂਕ ਆਫ ਇੰਡੀਆ ਦੀ ਸ਼ਾਖਾ ਤੋਂ 66.68 ਲੱਖ ਰੁਪਏ ਨਕਦ ਅਤੇ 2.325 ਕਿਲੋ ਸੋਨੇ ਵਾਲੇ 41 ਸੀਲਬੰਦ ਪੈਕੇਟ ਲੁੱਟ ਲਏ ਸਨ। ਸੋਨੇ ਦੀ ਕੀਮਤ 1.12 ਕਰੋੜ ਰੁਪਏ ਦੱਸੀ ਗਈ ਹੈ।

ਐਸਐਸਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਗਿਰੋਹ ਨੇ ਜਮਸ਼ੇਦਪੁਰ ਦੇ ਬਿਸਤੂਪੁਰ ਖੇਤਰ ਵਿੱਚ ਇੱਕ ਨਾਮੀ ਸੁਨਿਆਰੇ ਤੋਂ 32 ਲੱਖ ਰੁਪਏ ਵੀ ਲੁੱਟ ਲਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਇਹ ਗਿਰੋਹ ਬਿਹਾਰ, ਰਾਜਸਥਾਨ, ਪੱਛਮੀ ਬੰਗਾਲ, ਉੜੀਸਾ ਅਤੇ ਝਾਰਖੰਡ ਵਿੱਚ ਬੈਂਕ ਲੁੱਟਣ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹੈ।