ਰਾਹੁਲ ਦਾ ਮੋਦੀ ‘ਤੇ ਨਿਸ਼ਾਨਾ, ਤੁਗਲਕੀ ਤਾਲਾਬੰਦੀ ਤਹਿਤ ਲੱਖਾਂ ਲੋਕਾਂ ਨੂੰ ਸੜਕਾਂ ‘ਤੇ ਰੋਲਣ ਦੇ ਦੋਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸਿਰਫ਼ ਗੱਲਾਂ ਦੀ ਹੈ ਮੋਦੀ ਸਰਕਾਰ, ਕੁਚਲ ਰਹੀ ਗਰੀਬਾਂ ਦੇ ਅਧਿਕਾਰ।''

Rahul Gandhi

ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ‘ਤੇ ਲਗਾਤਾਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕੋਰੋਨਾ ਮਹਾਮਾਰੀ ਤੋਂ ਇਲਾਵਾ ਨੋਟਬੰਦੀ ਅਤੇ ਜੀਐਸਟੀ ਵਰਗੇ ਫੈਸਲਿਆਂ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਮੋਦੀ ਵੱਲ ਨਿਸ਼ਾਨੇ ਸਾਧ ਚੁਕੇ ਹਨ। ਹੁਣ ਉਨ੍ਹਾਂ ਨੇ ਤਾਲਾਬੰਦੀ ਨੂੰ 'ਤੁਗਲਕੀ ਤਾਲਾਬੰਦੀ' ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ‘ਤੇ ਕਰੋੜਾਂ ਮਜ਼ਦੂਰਾਂ ਨੂੰ ਘਰੋਂ ਬੇਘਰ ਕਰਨ ਦਾ ਦੋਸ਼ ਲਗਾਇਆ ਹੈ।

ਅਸਲ ਵਿਚ ਮੀਡੀਆ ਰਿਪੋਰਟਾਂ ਵਿਚ ਇਕ ਸਰਵੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੇਸ਼ 'ਚ ਮਨਰੇਗਾ ਮਜ਼ਦੂਰਾਂ ਨੂੰ ਆਪਣੀ ਦਿਹਾੜੀ ਦਾ ਪੈਸਾ ਕੱਢਣ ਲਈ ਵੀ ਬੈਂਕਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ। ਇਸ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਰਾਹੁਲ ਗਾਂਧੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

ਰਾਹੁਲ ਨੇ ਟਵੀਟ ਕਰ ਕੇ ਕਿਹਾ,''ਪਹਿਲੇ ਕੀਤਾ ਤੁਗਲਕੀ ਲੌਕਡਾਊਨ, ਕਰੋੜਾਂ ਮਜ਼ਦੂਰਾਂ ਨੂੰ ਸੜਕ 'ਤੇ ਲੈ ਆਏ। ਫਿਰ ਉਨ੍ਹਾਂ ਦੇ ਇਕਮਾਤਰ ਸਹਾਰੇ ਮਨਰੇਗਾ ਦੀ ਕਮਾਈ ਨੂੰ ਬੈਂਕ 'ਚੋਂ ਕੱਢਣਾ ਮੁਸ਼ਕਲ ਕੀਤਾ। ਸਿਰਫ਼ ਗੱਲਾਂ ਦੀ ਹੈ ਮੋਦੀ ਸਰਕਾਰ, ਕੁਚਲ ਰਹੀ ਗਰੀਬਾਂ ਦੇ ਅਧਿਕਾਰ।'' ਕਾਂਗਰਸ ਨੇਤਾ ਨੇ ਆਪਣੇ ਟਵੀਟ ਨਾਲ ਇਸ ਖ਼ਬਰ ਦਾ ਸਕਰੀਨਸ਼ਾਟ ਵੀ ਟਵੀਟ ਕੀਤਾ ਹੈ।

ਖ਼ਬਰਾਂ ਮੁਤਾਬਕ ਇਕ ਮਨਰੇਗਾ ਮਜ਼ਦੂਰ ਨੂੰ ਪੋਸਟ ਆਫ਼ਿਸ ਜਾਣ ਦਾ ਇਕ ਵਾਰ ਦਾ ਖਰਚ 6 ਰੁਪਏ ਤੱਕ ਆਉਂਦਾ ਹੈ। ਇਸ ਤੋਂ ਇਲਾਵਾ ਬੈਂਕ ਜਾਣ 'ਤੇ 31 ਰੁਪਏ ਅਤੇ ਏ.ਟੀ.ਐੱਮ. ਤੱਕ ਜਾਣ ਅਤੇ ਨਕਦ ਕੱਢਵਾਉਣ ਲਈ ਉਨ੍ਹਾਂ ਨੂੰ 67 ਰੁਪਏ ਖਰਚ ਕਰਨੇ ਪੈਂਦੇ ਹਨ। ਇਸ ਤਰ੍ਹਾਂ ਮਜ਼ਦੂਰ ਨੂੰ ਆਪਣੀ ਹੀ ਮਜ਼ਦੂਰੀ ਲਈ ਬੈਂਕਾਂ ਦੇ ਚੱਕਰ ਲਾਉਣੇ ਪੈ ਰਹੇ ਹਨ।