ਝਾਰਖੰਡ : ਰੇਲ ਪਟੜੀ 'ਤੇ ਧਮਾਕਾ, ਕਈ ਟ੍ਰੇਨਾਂ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਸ਼ਾਂਤ ਬੋਸ ਤੇ ਉਨ੍ਹਾਂ ਦੀ ਪਤਨੀ ਸ਼ੀਲਾ ਮਰਾਂਡੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਨਕਸਲੀਆਂ ਦਾ ਭਾਰਤ ਬੰਦ ਸ਼ੁਰੂ 

blast in jharkhand

ਰਾਂਚੀ : ਮਾਓਵਾਦੀ ਪੋਲਿਟ ਬਿਊਰੋ ਮੈਂਬਰ ਅਤੇ ਇੱਕ ਕਰੋੜ ਦੀ ਇਨਾਮੀ ਰਾਸ਼ੀ ਪ੍ਰਸ਼ਾਂਤ ਬੋਸ ਅਤੇ ਉਨ੍ਹਾਂ ਦੀ ਪਤਨੀ ਸ਼ੀਲਾ ਮਰਾਂਡੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਨਕਸਲੀਆਂ ਦਾ ਭਾਰਤ ਬੰਦ ਸ਼ੁਰੂ ਹੋ ਗਿਆ ਹੈ। ਇਹ ਬੰਦ ਸ਼ੁੱਕਰਵਾਰ ਰਾਤ 12 ਵਜੇ ਤੋਂ ਸ਼ਨੀਵਾਰ ਰਾਤ 12 ਵਜੇ ਤੱਕ ਰਹੇਗਾ। ਇਸ ਸਬੰਧੀ ਸੂਬੇ ਭਰ 'ਚ ਪੁਲਿਸ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਸੁਰੱਖਿਆ ਏਜੰਸੀਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਨਿਰਦੇਸ਼ ਦਿਤੇ ਗਏ ਹਨ।

ਜਾਣਕਾਰੀ ਮੁਤਾਬਕ ਟੋਰੀ ਰੇਲਵੇ ਸੈਕਸ਼ਨ 'ਤੇ ਨਕਸਲੀਆਂ ਨੇ ਤਾਲਮੇਲ ਸ਼ੁਰੂ ਕਰ ਦਿਤਾ ਹੈ, ਉਨ੍ਹਾਂ ਨੇ ਟੋਰੀ ਰਿਚੁਘੁਟਾ ਡੇਮ ਸਟੇਸ਼ਨ ਦੇ ਰੇਲਵੇ ਟਰੈਕ ਨੂੰ ਉਡਾ ਦਿਤਾ ਹੈ। ਜਿਸ ਕਾਰਨ ਕਈ ਟਰੇਨਾਂ ਦੇ ਰੂਟ ਬਦਲ ਦਿਤੇ ਗਏ ਹਨ। ਇਸ 'ਚ ਮੁੱਖ ਤੌਰ 'ਤੇ ਸਾਸਾਰਾਮ-ਰਾਂਚੀ 18636, ਜੰਮੂ ਤਵੀ ਐਕਸਪ੍ਰੈਸ ਭਯਾ-ਕੋਡਰਮਾ-ਮੁਰੀ ਰਾਹੀਂ ਚੱਲੇਗੀ। ਨਕਸਲੀਆਂ ਦੇ ਇਸ ਕਾਰਨਾਮੇ ਕਾਰਨ ਕਈ ਟਰੇਨਾਂ ਰੱਦ ਕਰ ਦਿਤੀਆਂ ਗਈਆਂ ਹਨ, ਜਿਨ੍ਹਾਂ ਵਿਚ ਦੇਹਰੀ ਆਨ ਸੋਨ - ਬਰਵਾਡੀਹ ਸਪੈਸ਼ਲ (03364) ਅਤੇ ਬਾਰਵਾਡੀਹ - ਨੇਸੁਬੋਗੋਮੋ ਸਪੈਸ਼ਲ ਟਰੇਨ (03362) ਸ਼ਾਮਲ ਹਨ।

ਦੱਸ ਦੇਈਏ ਕਿ ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਹੀ ਸੂਚਨਾ ਮਿਲੀ ਸੀ ਕਿ ਨਕਸਲੀ ਕਿਤੇ ਵੀ ਹਿੰਸਾ ਕਰ ਸਕਦੇ ਹਨ। ਬੰਦ ਤੋਂ ਪਹਿਲਾਂ ਹੀ ਮਾਓਵਾਦੀ ਸੰਗਠਨ ਅਤੇ ਇਸ ਨਾਲ ਜੁੜੇ ਵਿੰਗ ਨੇ 15 ਤੋਂ 19 ਨਵੰਬਰ ਤੱਕ ਪ੍ਰਤੀਰੋਧ ਦਿਵਸ ਵੀ ਮਨਾਇਆ। ਪ੍ਰਸ਼ਾਂਤ ਬੋਸ, ਉਨ੍ਹਾਂ ਦੀ ਪਤਨੀ ਸ਼ੀਲਾ ਮਰਾਂਡੀ ਅਤੇ ਚਾਰ ਸਾਥੀਆਂ ਨੂੰ ਝਾਰਖੰਡ ਪੁਲਿਸ ਨੇ 12 ਨਵੰਬਰ ਨੂੰ ਸਰਾਏਕੇਲਾ ਦੇ ਕਾਂਦਰਾ ਪੁਲਿਸ ਸਟੇਸ਼ਨ ਦੇ ਅਧੀਨ ਗਿੱਦਿਲਬੇਰਾ ਟੋਲ ਪਲਾਜ਼ਾ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ।

ਮਾਓਵਾਦੀਆਂ ਦੇ ਪੂਰਬੀ ਖੇਤਰੀ ਬਿਊਰੋ ਵਲੋਂ 14 ਨਵੰਬਰ ਨੂੰ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਸੀ। ਇਸ ਮਗਰੋਂ ਪੁਲਿਸ ਹੈੱਡਕੁਆਰਟਰ ਨੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਵਿਸ਼ੇਸ਼ ਚੌਕਸੀ ਰੱਖਣ ਅਤੇ ਹਰ ਹਾਲਤ ਵਿਚ ਚੌਕਸ ਰਹਿਣ ਦੇ ਨਿਰਦੇਸ਼ ਦਿਤੇ ਸਨ। ਇਸ ਦੇ ਮੱਦੇਨਜ਼ਰ ਪੁਲਿਸ ਵਲੋਂ ਸੂਬੇ ਦੀਆਂ ਸਰਹੱਦਾਂ ’ਤੇ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਝਾਰਖੰਡ, ਛੱਤੀਸਗੜ੍ਹ, ਉੜੀਸਾ ਅਤੇ ਬੰਗਾਲ ਵਿਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਹਾਈਵੇਅ ਅਤੇ ਰੇਲ ਮਾਰਗਾਂ 'ਤੇ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਦੱਸ ਦੇਈਏ ਕਿ 12 ਨਵੰਬਰ ਨੂੰ ਝਾਰਖੰਡ ਪੁਲਿਸ ਨੇ ਸੀਪੀਆਈ-ਮਾਓਵਾਦੀ ਸੰਗਠਨ ਦੇ ਚੋਟੀ ਦੇ ਨੇਤਾ ਪ੍ਰਸ਼ਾਂਤ ਬੋਸ ਅਤੇ ਉਨ੍ਹਾਂ ਦੀ ਪਤਨੀ ਸ਼ੀਲਾ ਮਰਾਂਡੀ ਸਮੇਤ 6 ਨਕਸਲੀਆਂ ਨੂੰ ਜਮਸ਼ੇਦਪੁਰ ਨੇੜੇ ਕੰਦਰਾਟੋਲ ਪੁਲ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਇਨ੍ਹਾਂ ਨਕਸਲੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ।