ਬੁਲਡੋਜ਼ਰ ਨਾਲ ਮਕਾਨ ਢਾਹੇ ਜਾਣ 'ਤੇ ਹਾਈਕੋਰਟ ਦੀ ਸਖ਼ਤ ਟਿੱਪਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੱਲ੍ਹ ਜੇਕਰ ਤੁਹਾਨੂੰ ਕੁਝ ਚਾਹੀਦਾ ਹੋਵੇਗਾ ਤਾਂ ਤੁਸੀਂ ਮੇਰੀ ਅਦਾਲਤ ਦੇ ਕਮਰੇ ਨੂੰ ਹੀ ਪੁੱਟ ਦਿਓਗੇ - ਹਾਈਕੋਰਟ

Gauhati High Court

ਗੁਹਾਟੀ  : ਗੁਹਾਟੀ ਹਾਈ ਕੋਰਟ ਨੇ ਬੁਲਡੋਜ਼ਰ ਨਾਲ ਮਕਾਨ ਢਾਹੇ ਜਾਣ ਦੀਆਂ ਘਟਨਾਵਾਂ ਬਾਰੇ ਸਖ਼ਤ ਟਿੱਪਣੀ ਕੀਤੀ ਹੈ ਤੇ ਕਿਹਾ ਹੈ ਕਿ ਕੱਲ੍ਹ ਜੇਕਰ ਤੁਹਾਨੂੰ ਕੁਝ ਚਾਹੀਦਾ ਹੋਵੇਗਾ ਤਾਂ ਤੁਸੀਂ ਮੇਰੀ ਅਦਾਲਤ ਦੇ ਕਮਰੇ ਨੂੰ ਹੀ ਪੁੱਟ ਦਿਓਗੇ। ਅਦਾਲਤ ਨੇ ਇਹ ਟਿੱਪਣੀ ਅਸਾਮ ਦੇ ਨਗਾਓ ਜ਼ਿਲ੍ਹੇ 'ਚ ਅਗਜ਼ਨੀ ਦੀ ਇਕ ਘਟਨਾ ਦੇ ਮੁਲਜ਼ਮ ਦਾ ਮਕਾਨ ਢਾਹੇ ਜਾਣ ਦੇ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ।

ਚੀਫ ਜਸਟਿਸ ਆਰਐਮ ਛਾਇਆ ਨੇ ਕਿਹਾ ਕਿ ਭਾਵੇਂ ਕੋਈ ਏਜੰਸੀ ਕਿਸੇ ਬੇਹੱਦ ਗੰਭੀਰ ਮਾਮਲੇ ਦੀ ਹੀ ਜਾਂਚ ਕਿਉਂ ਨਾ ਕਰ ਰਹੀ ਹੋਵੇ, ਕਿਸੇ ਦੇ ਮਕਾਨ 'ਤੇ ਬੁਲਡੋਜ਼ਰ ਚਲਾਉਣ ਦੀ ਵਿਵਸਥਾ ਕਿਸੇ ਵੀ ਅਪਰਾਧਕ ਕਾਨੂੰਨ 'ਚ ਨਹੀਂ ਹੈ। ਜ਼ਿਕਰਯੋਗ ਹੈ ਕਿ ਸਥਾਨਕ ਮੱਛੀ ਕਾਰੋਬਾਰੀ ਸਫੀਕੁਲ ਇਸਲਾਮ (39) ਦੀ ਪੁਲਿਸ ਹਿਰਾਸਤ 'ਚ ਮੌਤ ਤੋਂ ਬਾਅਦ ਭੀੜ ਨੇ 21 ਮਈ ਨੂੰ ਬਟਾਦ੍ਰਵਾ ਥਾਣੇ 'ਚ ਅੱਗ ਲਗਾ ਦਿੱਤੀ ਸੀ। ਇਸਲਾਮ ਨੇ ਇਕ ਰਾਤ ਪਹਿਲਾਂ ਹੀ ਪੁਲਿਸ ਥਾਣੇ ਲੈ ਕੇ ਆਈ ਸੀ। ਭੜਕੀ ਭੀੜ ਦੀ ਹੁੱਲੜਬਾਜੀ 'ਤੇ ਕਾਰਵਾਈ ਕਰਦੇ ਹੋਏ ਇਕ ਦਿਨ ਬਾਅਦ ਹੀ ਅਧਿਕਾਰੀਆਂ ਨੇ ਇਸਲਾਮ ਸਹਿਤ ਘੱਟੋ-ਘੱਟ ਛੇ ਲੋਕਾਂ ਦੇ ਮਕਾਨਾਂ ਨੂੰ ਉਨ੍ਹਾਂ ਦੇ ਹੇਠਾਂ ਲੁਕਾਏ ਗਏ ਹਥਿਆਰਾਂ 'ਤੇ ਨਸ਼ੀਲੇ ਪਦਾਰਥ ਲੱਭਣ ਲਈ ਬੁਲਡੋਜ਼ਰ ਨਾਲ ਢਾਹ ਦਿੱਤਾ ਸੀ। 

ਜਸਟਿਸ ਛਾਇਆ ਨੇ ਕਿਹਾ ਕਿ ਕਿਸੇ ਮਕਾਨ 'ਤੇ ਬੁਲਡੋਜ਼ਰ ਚਲਾਉਣ ਦੀ ਵਿਵਸਥਾ ਕਿਸੇ ਅਪਰਾਧਕ ਕਾਨੂੰਨ 'ਚ ਨਹੀਂ ਹੈ। ਕਿਸੇ ਦੇ ਘਰ ਦੀ ਤਲਾਸ਼ੀ ਲੈਣ ਲਈ ਵੀ ਪਹਿਲਾਂ ਮਨਜ਼ੂਰੀ ਦੀ ਲੋੜ ਹੁੰਦੀ ਹੈ। ਜਸਟਿਸ ਛਾਇਆ ਨੇ ਕਿਹਾ ਕਿ ਜੇਕਰ ਜਾਂਚ ਦੇ ਨਾਂ 'ਤੇ ਕਿਸੇ ਦਾ ਘਰ ਢਾਹੁਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਕੋਈ ਵੀ ਸੁਰੱਖਿਅਤ ਨਹੀਂ ਰਹੇਗਾ। ਕੋਰਟ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਫ਼ਿਲਮਾਂ 'ਚ ਹੁੰਦੀਆਂ ਹਨ ਪਰ ਉਹਨਾਂ 'ਚ ਵੀ ਪਹਿਲਾਂ ਤਲਾਸ਼ੀ ਵਰੰਟ ਦਿਖਾਇਆ ਜਾਂਦਾ ਹੈ।