ਤਿਲਾਂ ਦਾ ਤੇਲ ਸਿਹਤ ਲਈ ਹੈ ਬਹੁਤ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲ ਵਿਚ ਐਂਟੀ-ਇੰਫ਼ਲੇਮੇਟਰੀ ਗੁਣ ਮਿਲ ਜਾਂਦੇ ਹਨ ਜੋ ਸੋਜ ਨੂੰ ਘੱਟ ਕਰ ਕੇ ਸਰੀਰ ਨੂੰ ਆਰਾਮ ਕਰਨ ਵਿਚ ਮਦਦ ਕਰਦਾ ਹੈ|

Sesame oil

 

 ਮੁਹਾਲੀ: ਸਰਦੀਆਂ ਵਿਚ ਕਾਲੇ ਤਿਲਾਂ ਦਾ ਤੇਲ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ| ਇਸ ਤੇਲ ਨਾਲ ਜੇਕਰ ਤੁਸੀਂ ਸਰੀਰ ਦੀ ਮਾਲਿਸ਼ ਕਰਦੇ ਹੋ ਤਾਂ ਤੁਹਾਨੂੰ ਕਈ ਫ਼ਾਇਦੇ ਮਿਲ ਸਕਦੇ ਹਨ| ਸਰੀਰ ਲਈ ਮਾਲਿਸ਼ ਵੈਸੇ ਵੀ ਬਹੁਤ ਜ਼ਰੂਰੀ ਹੈ| ਬਾਡੀ ਮਸਾਜ ਤੋਂ ਬਾਅਦ ਸਾਡਾ ਸਰੀਰ ਜ਼ਿਆਦਾ ਚੁਸਤੀ ਮਹਿਸੂਸ ਕਰਦਾ ਹੈ| ਅਜਿਹੇ ਵਿਚ ਜੇਕਰ ਤਿਲਾਂ ਦੇ ਤੇਲ ਦੀ ਮਾਲਿਸ਼ ਲਈ ਵਰਤੋਂ ਕੀਤੀ ਜਾਵੇ ਤਾਂ ਫ਼ਾਇਦਾ ਦੁਗਣਾ ਹੋ ਜਾਂਦਾ ਹੈ| ਆਉ ਜਾਣਦੇ ਹਾਂ ਤਿਲਾਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਹੁੰਦੇ ਹਨ|

ਸਰੀਰ ਦੀ ਸੋਜ ਨੂੰ ਘੱਟ ਕਰਨ ਲਈ ਤਿਲਾਂ ਦੇ ਤੇਲ ਨਾਲ ਮਾਲਿਸ਼ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ| ਇਸ ਤੇਲ ਵਿਚ ਐਂਟੀ-ਇੰਫ਼ਲੇਮੇਟਰੀ ਗੁਣ ਮਿਲ ਜਾਂਦੇ ਹਨ ਜੋ ਸੋਜ ਨੂੰ ਘੱਟ ਕਰ ਕੇ ਸਰੀਰ ਨੂੰ ਆਰਾਮ ਕਰਨ ਵਿਚ ਮਦਦ ਕਰਦਾ ਹੈ| ਮਾਲਿਸ਼ ਕਰਨ ਤੋਂ ਬਾਅਦ ਸਰੀਰ ਦੇ ਦਰਦ ਤੋਂ ਵੀ ਕਾਫ਼ੀ ਰਾਹਤ ਮਿਲਦੀ ਹੈ|
ਤਿਲਾਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਤੁਹਾਡੇ ਮਸਲਜ਼ ਨੂੰ ਬਹੁਤ ਆਰਾਮ ਮਿਲਦਾ ਹੈ| ਜੇਕਰ ਤੁਹਾਡੀਆਂ ਮਾਸਪੇਸ਼ੀਆਂ ਵਿਚ ਅਕੜਾਅ ਹੈ ਤਾਂ ਤੁਹਾਨੂੰ ਤਿਲਾਂ ਦੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ| ਸਰਦੀਆਂ ਵਿਚ ਅਜਿਹਾ ਕਰਨਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ| ਮਸਾਜ ਤੋਂ ਬਾਅਦ ਤੁਹਾਡੀਆਂ ਮਾਸਪੇਸ਼ੀਆਂ ਤਣਾਅ ਮੁਕਤ ਮਹਿਸੂਸ ਕਰਦੀਆਂ ਹਨ|

ਤਿਲਾਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਤੁਹਾਡੇ ਸਰੀਰ ਵਿਚ ਬਲੱਡ ਸਰਕੂਲੇਸ਼ਨ ਬਿਹਤਰ ਤਰੀਕੇ ਨਾਲ ਹੋ ਸਕਦਾ ਹੈ| ਮਾਲਿਸ਼ ਕਰਨ ਨਾਲ ਤੁਹਾਡੀਆਂ ਨਾੜੀਆਂ ਵਿਚ ਗਰਮੀ ਪੈਦਾ ਹੁੰਦੀ ਹੈ ਜੋ ਬਿਹਤਰ ਖ਼ੂਨ ਦੇ ਪ੍ਰਵਾਹ ਵਿਚ ਮਦਦ ਕਰਦੀ ਹੈ ਜਿਸ ਤੋਂ ਬਾਅਦ ਤੁਸੀਂ ਜ਼ਿਆਦਾ ਤਣਾਅ ਮੁਕਤ ਮਹਿਸੂਸ ਕਰਦੇ ਹੋ|