6 ਮਹੀਨਿਆਂ ਤੋਂ ਵਿਦੇਸ਼ ‘ਚ ਫਸੇ 24 ਭਾਰਤੀ ਨੌਜਵਾਨਾਂ ਦੀ ਹੋਈ ਵਤਨ ਵਾਪਸੀ
ਪਿਛਲੇ 6 ਮਹੀਨਿਆਂ ਤੋਂ ਰੂਸ ਵਿਚ ਫਸੇ 24 ਭਾਰਤੀ ਨੌਜਵਾਨਾਂ ਦੀ ਵਤਨ ਵਾਪਸੀ ਹੋ ਗਈ ਹੈ।
ਨਵੀਂ ਦਿੱਲੀ: ਪਿਛਲੇ 6 ਮਹੀਨਿਆਂ ਤੋਂ ਰੂਸ ਵਿਚ ਫਸੇ 24 ਭਾਰਤੀ ਨੌਜਵਾਨਾਂ ਦੀ ਵਤਨ ਵਾਪਸੀ ਹੋ ਗਈ ਹੈ। ਉਹਨਾਂ ਦੀ ਵਾਪਸੀ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਵਤਨ ਪਰਤੇ ਇਹਨਾਂ ਨੌਜਵਾਨਾਂ ਵਿਚ ਪੰਜਾਬ ਦੇ ਜ਼ਿਲ੍ਹਾ ਫਗਵਾੜਾ ਦੀ ਨਵੀਂ ਅਬਾਦੀ ‘ਚ ਰਹਿਣ ਵਾਲਾ ਨੌਜਵਾਨ ਪਿੰਕੂ ਰਾਮ ਪੁੱਤਰ ਰਾਜਨ ਰਾਮ ਵੀ ਸ਼ਾਮਲ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਪਿੰਕੂ ਦੇ ਪਿਤਾ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਹਨਾਂ ਨੇ ਕਰਜ਼ਾ ਚੁੱਕੇ ਕੇ ਏਜੰਟ ਦਲਜੀਤ ਸਿੰਘ ਰਾਹੀਂ 1 ਲੱਖ 20 ਹਜ਼ਾਰ ਰੁਪਏ ‘ਚ ਰੂਸ ਭੇਜਿਆ ਸੀ। ਉਹ ਰੂਸ ਦੀ ਇਕ ਕੰਪਨੀ ਵਿਚ 8-9 ਹਜ਼ਾਰ ਰੁਪਏ ‘ਚ ਨੌਕਰੀ ਕਰ ਰਿਹਾ ਸੀ ਅਤੇ ਉਸ ਦਾ ਗੁਜ਼ਾਰਾ ਕਾਫੀ ਮੁਸ਼ਕਿਲ ਨਾਲ ਚੱਲ ਰਿਹਾ ਹੈ।
ਗੱਲਬਾਤ ਦੌਰਾਨ ਪਿੰਕੂ ਨੇ ਦੱਸਿਆ ਕਿ ਰੂਸ ਵਿਚ ਉਸ ਨੇ ਬਹੁਤ ਮੁਸ਼ਕਿਲ ਨਾਲ ਸਮਾਂ ਲੰਘਾਇਆ। ਉੱਥੇ ਉਸ ਨੂੰ ਸਿਰਫ ਗੁਜ਼ਾਰੇ ਜੋਗੇ ਹੀ ਪੈਸੇ ਮਿਲਦੇ ਸਨ, ਜਿਨ੍ਹਾਂ ਨਾਲ ਉਹਨਾਂ ਦਾ ਰੋਟੀ ਪਾਣੀ ਦਾ ਖਰਚਾ ਵੀ ਬਹੁਤ ਮੁਸ਼ਕਿਲ ਨਾਲ ਚਲਦਾ ਸੀ। ਪਿੰਕੂ ਦੀ ਇਕ 8 ਸਾਲ ਦੀ ਲੜਕੀ ਅਤੇ 5 ਸਾਲ ਦਾ ਲੜਕਾ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਵਿਚ ਕੁੱਲ 26 ਨੌਜਵਾਨ ਫਸੇ ਸਨ, ਜਿਨ੍ਹਾਂ ਵਿਚੋਂ ਇਕ ਨੌਜਵਾਨ ਮਲਕੀਅਤ ਰਾਮ ਦੀ ਉੱਥੇ ਹੀ ਮੌਤ ਹੋ ਗਈ ਸੀ।
ਉਸ ਦੀ ਲਾਸ਼ ਨੂੰ ਉਸ ਦਾ ਇਕ ਸਾਥੀ ਜੋਗਿੰਦਰਪਾਲ ਸਿੰਘ ਭਾਰਤ ਲੈ ਕੇ ਆਇਆ ਸੀ। ਇਸ ਤੋਂ ਬਾਅਦ ਰੂਸ ਵਿਚ ਫਸੇ ਨੌਜਵਾਨਾਂ ਦੀ ਗਿਣਤੀ 24 ਰਹਿ ਗਈ ਸੀ।ਪੁਲਿਸ ਨੇ ਪੰਜਾਬ ਵਿਚੋਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਵਿਦੇਸ਼ ਭੇਜ ਰਹੇ ਫਰਜ਼ੀ ਏਜੰਟ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਭਾਰਤ ਸਰਕਾਰ ਨੇ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਟਿਕਟਾਂ ਮੁਹੱਈਆਂ ਕਰਵਾਈਆਂ ਸਨ।
ਇਸ ਮੌਕੇ ਉਹਨਾਂ ਨੇ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ। ਵਤਨ ਪਰਤੇ ਨੌਜਵਾਨਾਂ ਨੇ ਭਾਰਤ ਵਿਚ ਰਹਿ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਵਿਚ ਰਹਿ ਕੇ ਹੀ ਕੰਮ ਕਰਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।