ਭੀੜ 'ਚ ਫਸੇ ਪੁਲਿਸ ਵਾਲਿਆਂ ਲਈ ਫਰਿਸ਼ਤਾ ਬਣੇ 7 ਮੁਸਲਿਮ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿਰੰਗਾ ਲਹਿਰਾ ਕੇ ਭੀੜ ਕੋਲੋਂ ਬਚਾਈ ਜਾਨ

Ahmedabad: 'Saat Hindustani' who saved cops from mob

ਨਵੀਂ ਦਿੱਲੀ- ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਗੁਜਰਾਤ ਵਿਚ ਵੀ ਪ੍ਰਦਰਸ਼ਨ ਹੋ ਰਿਹਾ ਹੈ। ਜਿੱਥੋਂ ਦੇ ਸ਼ਾਹ-ਏ-ਆਲਮ ਇਲਾਕੇ ਵਿਚ ਭੀੜ ਨੂੰ ਖਦੇੜਨ ਆਏ ਕੁੱਝ ਪੁਲਿਸ ਵਾਲੇ ਭੀੜ ਵਿਚ ਬੁਰੀ ਤਰ੍ਹਾਂ ਘਿਰ ਗਏ, ਜਿਨ੍ਹਾਂ ਨੂੰ ਭੀੜ ਨੇ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਪਰ ਇਸੇ ਦੌਰਾਨ ਕੁੱਝ ਮੁਸਲਿਮ ਨੌਜਵਾਨ ਇਨ੍ਹਾਂ ਪੁਲਿਸ ਵਾਲਿਆਂ ਲਈ ਫ਼ਰਿਸ਼ਤੇ ਬਣ ਕੇ ਸਾਹਮਣੇ ਆਏ ਅਤੇ ਇਨ੍ਹਾਂ ਪੁਲਿਸ ਵਾਲਿਆਂ ਨੂੰ ਬਚਾ ਲਿਆ।

ਦਰਅਸਲ ਗੁਜਰਾਤ ਦੇ ਅਹਿਮਦਾਬਾਦ ਵਿਚ ਪੈਂਦੇ ਇਸ ਇਲਾਕੇ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨਕਾਰੀਆਂ ਨੇ ਜਮ ਕੇ ਹਿੰਸਾ ਕੀਤੀ ਜਿਸ ਵਿਚ ਡੀਸੀਪੀ, ਏਸੀਪੀ ਸਮੇਤ ਕਈ ਇੰਸਪੈਕਟਰਾਂ ਸਮੇਤ 19 ਪੁਲਿਸ ਵਾਲੇ ਜ਼ਖ਼ਮੀ ਹੋ ਗਏ ਪਰ ਇਸ ਹਿੰਸਕ ਭੀੜ ਵਿਚ ਕੁੱਝ ਅਜਿਹੇ ਲੋਕ ਵੀ ਨੇ ਜੋ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦੇ ਹਾਮੀ ਹਨ।

ਇਸ ਹਿੰਸਕ ਭੀੜ ਵਿਚ ਕੁੱਝ ਪੁਲਿਸ ਮੁਲਾਜ਼ਮ ਇਕੱਲੇ ਘਿਰ ਗਏ ਸਨ ਜਿਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਬੇਰਹਿਮੀ ਨਾਲ ਕੁੱਟਿਆ ਪਰ ਇਸੇ ਦੌਰਾਨ ਕੁੱਝ ਅਜਿਹੇ ਮੁਸਲਿਮ ਨੌਜਵਾਨ ਸਾਹਮਣੇ ਆਏ, ਜਿਨ੍ਹਾਂ ਨੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਨ੍ਹਾਂ ਪੁਲਿਸ ਵਾਲਿਆਂ ਨੂੰ ਬਚਾਇਆ। ਖ਼ਾਸ ਗੱਲ ਇਹ ਹੈ ਕਿ ਇਹ ਨੌਜਵਾਨ ਵੀ ਨਾਗਰਿਕਤਾ ਕਾਨੂੰਨ ਵਿਰੁੱਧ ਰੋਸ ਪ੍ਰਦਰਸ਼ਨਾਂ ਦਾ ਹਿੱਸਾ ਸਨ। ਇਸ ਹਿੰਸਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ 'ਗੁਜਰਾਤ ਬੰਦ' ਦੇ ਸੱਦੇ 'ਤੇ ਹਜ਼ਾਰਾਂ ਦੀ ਭੀੜ ਸ਼ਾਹ-ਏ-ਆਲਮ ਇਲਾਕੇ ਵਿਚ ਸੜਕਾਂ 'ਤੇ ਉਤਰ ਆਈ। ਪ੍ਰਦਰਸ਼ਨਕਾਰੀ ਹੌਲੀ ਹੌਲੀ ਹਿੰਸਕ ਹੁੰਦੇ ਜਾ ਰਹੇ ਸਨ।

ਇਸੇ ਦੌਰਾਨ ਪੁਲਿਸ ਨੇ 30 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ, ਜਿਸ ਮਗਰੋਂ ਭੀੜ ਬੇਕਾਬੂ ਹੋ ਗਈ। ਨਾਰਾਜ਼ ਭੀੜ ਨੇ ਪੁਲਿਸ ਦੀਆਂ ਗੱਡੀਆਂ ਨੂੰ ਰੋਕ ਲਿਆ ਅਤੇ ਪੁਲਿਸ 'ਤੇ ਇੱਟਾਂ-ਪੱਥਰ ਵਰਸਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ 4 ਪੁਲਿਸ ਮੁਲਾਜ਼ਮ ਇਕ ਕੋਨੇ ਵਿਚ ਫਸ ਗਏ। ਸਾਹਮਣੇ ਭੀੜ ਸੀ, ਪਿੱਛੇ ਅਤੇ ਆਸੇ ਪਾਸੇ ਕੰਧਾਂ, ਪੁਲਿਸ ਵਾਲਿਆਂ ਲਈ ਬਚਣ ਦਾ ਕੋਈ ਰਸਤਾ ਨਹੀਂ ਸੀ।

ਭੀੜ ਨੇ ਉਨ੍ਹਾਂ 'ਤੇ ਇੱਟਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਭਾਵੇਂ ਕਿ ਪੁਲਿਸ ਵਾਲਿਆਂ ਨੇ ਬਚਾਅ ਲਈ ਅੱਗੇ ਪਲਾਸਟਿਕ ਦੀਆਂ ਕੁਰਸੀਆਂ ਵੀ ਕੀਤੀਆਂ ਪਰ ਉਹ ਵੀ ਟੁੱਟ ਗਈਆਂ। ਇਸੇ ਦੌਰਾਨ 6 ਹੋਰ ਮੁਸਲਿਮ ਨੌਜਵਾਨ ਪੁਲਿਸ ਵਾਲਿਆਂ ਲਈ ਢਾਲ ਬਣ ਕੇ ਖੜ੍ਹੇ ਹੋ ਗਏ।  ਇਕ ਨੌਜਵਾਨ ਹੱਥ ਵਿਚ ਤਿਰੰਗਾ ਫੜ ਕੇ ਭੀੜ ਨੂੰ ਰੋਕਣ ਦਾ ਯਤਨ ਕਰ ਰਿਹਾ ਸੀ।

ਆਖ਼ਰਕਾਰ ਇਨ੍ਹਾਂ ਨੌਜਵਾਨਾਂ ਕਾਰਨ ਪੁਲਿਸ ਵਾਲਿਆਂ ਦੀ ਜਾਨ ਬਚ ਗਈ। ਸੋ ਇਸ ਹਿੰਸਕ ਭੀੜ ਵਿਚਕਾਰ ਕੁੱਝ ਅਜਿਹੇ ਲੋਕ ਵੀ ਹਨ ਜੋ ਨਾਗਰਿਕਤਾ ਸੋਧ ਕਾਨੂੰਨ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ ਦੇ ਪੱਖ ਵਿਚ ਹਨ ਪਰ ਜਦੋਂ ਪੁਲਿਸ ਲੋਕਾਂ ਨਾਲ ਜ਼ਿਆਦਤੀ ਕਰਦੀ ਹੈ ਤਾਂ ਭੀੜ ਦਾ ਭੜਕਣਾ ਯਕੀਨੀ ਹੈ। ਫਿਲਹਾਲ ਪੁਲਿਸ ਵਾਲਿਆਂ ਨੂੰ ਬਚਾਉਣ ਲਈ ਅੱਗੇ ਆਏ ਇਨ੍ਹਾਂ ਮੁਸਲਿਮ ਨੌਜਵਾਨਾਂ ਦੀ ਵੀਡੀਓ ਸ਼ੇਅਰ ਕਰਕੇ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ।