ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਮਾਰੀ ਦਹਾੜ, ਚੋਣ ਪ੍ਰਚਾਰ ਅੱਜ ਤੋਂ ਕੀਤਾ ਸ਼ੁਰੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਗਲੇ ਮਹੀਨੇਂ ਹੋ ਸਕਦਾ ਹੈ ਚੋਣਾਂ ਦਾ ਐਲਾਨ

photo

ਨਵੀਂ ਦਿੱਲੀ : ਦਿੱਲੀ ਵਿਚ ਆਮ ਆਦਮੀ ਪਾਰਟੀ ਨੇ ਅੱਜ ਸ਼ੁੱਕਰਵਾਰ ਨੂੰ ਆਉਣ ਵਾਲੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਦੀ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਪਾਰਟੀ ਅੱਜ ਤੋਂ ਹੀ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰੇਗੀ ਜੋ ਕਿ ਡੋਰ-ਟੂ-ਡੋਰ ਕੈਂਪੇਨ 'ਤੇ ਅਧਾਰਤ ਹੋਵੇਗਾ। ਚੋਣ ਰਣਨੀਤੀਕਾਰ ਪ੍ਰਸ਼ਾਤ ਕਿਸ਼ੋਰ ਅਤੇ ਉਨ੍ਹਾਂ ਨਾਲ ਜੁੜੀ ਏਜੰਸੀ ਆਈ ਪੈਕ ਦੇ ਨਾਲ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਦਾ ਐਲਾਨ ਕੀਤਾ ਹੈ।

'ਅੱਛੇ ਬੀਤੇ ਪੰਜ ਸਾਲ ਲੱਗੇ ਰਹੋ ਕੇਜਰੀਵਾਲ' ਨਾਮ ਤੋਂ ਸ਼ੁਰੂ ਕੀਤੇ ਗਏ ਇਸ ਅਭਿਆਨ ਨਾਲ ਹੀ ਪਾਰਟੀ ਆਪਣਾ ਚੋਣ ਪ੍ਰਚਾਰ ਕਰੇਗੀ। 'ਆਪ' ਦਾ ਦਾਅਵਾ ਹੈ ਕਿ ਉਹ ਆਪਣੇ ਪ੍ਰਚਾਰ ਨੂੰ ਦਿੱਲੀ ਦੇ 35 ਲੱਖ ਘਰਾਂ ਤੱਕ ਲੈ ਕੇ ਜਾਵੇਗੀ। ਦਿੱਲੀ ਦੇ ਆਈਟੀਓ ਸਥਿਤ ਆਪ ਦਫ਼ਤਰ ਵਿਚ ਸੰਸਦ ਮੈਂਬਰ ਸੰਜੇ ਸਿੰਘ, ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਸਮੇਤ ਸਾਰੇ ਵਿਧਾਇਕਾ ਅਤੇ ਪਾਰਟੀ ਦੇ ਹੋਰ ਲੀਡਰ ਦੀ ਹਾਜ਼ਰੀ ਵਿਚ ਅਭਿਆਨ ਲਾਂਚ ਕਰਦੇ ਹੋਏ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ''ਇਹ ਕੈਂਪੇਨ ਅੱਛੇ ਬੀਤੇ ਪੰਜ ਸਾਲ ਲੱਗ ਰਹੋ ਕੇਜਰੀਵਾਲ ਅੱਜ ਅਸੀ ਸ਼ੁਰੂ ਕਰ ਰਹੇ ਹਾ। ਇਹ ਗੱਲ ਅਸੀ ਨਹੀਂ ਕਰ ਰਹੇ ਬਲਕਿ ਆਮ ਜਨਤਾ ਦੇ ਵਿੱਚੋਂ ਨਿਕਲ ਕੇ ਆ ਰਹੀ ਹੈ ਕਿ ਪੰਜ ਸਾਲ ਬਹੁਤ ਚੰਗੇ ਬੀਤੇ ਹਨ ਇਸ ਲਈ ਆਉਣ ਵਾਲੇ 5 ਸਾਲ ਦੇ ਲਈ ਦੁਬਾਰਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੀ ਬਣਨਾ ਚਾਹੀਦਾ ਹੈ''।

ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਇਸ ਪ੍ਰਚਾਰ ਦੇ ਤਹਿਤ 21 ਅਤੇ 22 ਦਸੰਬਰ ਨੂੰ ਦਿੱਲੀ ਦੇ ਸਾਰੇ 70 ਵਿਧਾਨ ਸਭਾ ਖੇਤਰਾਂ ਵਿਚ  ਪਦ ਯਾਤਰਾਵਾਂ ਕੱਢੀ ਜਾਣਗੀਆ। 24 ਦਸੰਬਰ ਨੂੰ ਪਾਰਟੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ 5 ਸਾਲ ਦੇ ਕੰਮ ਕਾਜ ਬਾਰੇ ਰਿਪੋਰਟ ਜਾਰੀ ਕਰੇਗੀ। ਇਸ ਤੋਂ ਬਾਅਦ 25 ਦਸੰਬਰ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਰਕਰ ਇਸ ਰਿਪੋਰਟ ਕਾਰਡ ਨੂੰ ਦਿੱਲੀ ਦੇ 35 ਲੱਖ ਘਰਾਂ ਵਿਚ ਲੈ ਜਾਣਗੇ।  

ਦੱਸ ਦਈਏ ਕਿ ਅਗਲੇ ਮਹੀਨੇਂ ਜਨਵਰੀ ਵਿਚ ਦਿੱਲੀ ਦੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਫਰਵਰੀ ਵਿਚ ਵਿਧਾਨ ਸਭਾ ਦੀਆਂ ਚੋਣਾ ਹੋ ਸਕਦੀਆਂ ਹਨ। ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਵੇਖ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਵੀ ਕਮਰ ਕਸਨੀ ਸ਼ੁਰੂ ਕਰ ਦਿੱਤੀ ਹੈ।