ਖੇਤੀ ਕਾਨੂੰਨ : ਦਿੱਲੀ ਪਹੁੰਚੇ ਕਰਨ ਔਜਲਾ ਨੇ ਸੱਤਾਧਾਰੀ ਧਿਰ ਨੂੰ ਸੁਣਾਈਆ ਖਰੀਆਂ-ਖਰੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਅਸੀਂ ਬੱਸਾਂ ਸਾੜਨ ਵਾਲੇ ਨਹੀਂ, ਲੰਗਰ ਲਾਉਣ ਵਾਲੇ ਹਾਂ

Karan Aujla

ਨਵੀਂ ਦਿੱਲੀ: ਦਿੱਲੀ ਵਿਖੇ ਚੱਲ ਰਿਹਾ ਕਿਸਾਨੀ ਸੰਘਰਸ਼ 25ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਦੌਰਾਨ ਜਿੱਥੇ ਠੰਡ ਦਾ ਪ੍ਰਕੋਪ ਆਏ ਦਿਨ ਵਧਦਾ ਜਾ ਰਿਹਾ ਹੈ, ਉਥੇ ਹੀ ਸੰਘਰਸ਼ੀ ਧਿਰਾਂ ਦਾ ਜਜ਼ਬਾ ਅਤੇ ਜੋਸ਼ ਵੀ ਹੋਰ ਪ੍ਰਜੰਡ ਹੁੰਦਾ ਜਾ ਰਿਹਾ ਹੈ। ਕਿਸਾਨੀ ਘੋਲ ਵਿਚ ਕਿਸਾਨਾਂ ਦੇ ਮੋਢੇ ਨਾਲ  ਮੋਢਾ ਜੋੜ ਕੇ ਵਿਚਰ ਰਿਹਾ ਕਲਾਕਾਰ ਭਾਈਚਾਰਾ ਲੋਕਾਂ ਨੂੰ ਸੰਘਰਸ਼ ਨਾਲ ਜੋੜਣ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਪੰਜਾਬ ਦੇ ਪ੍ਰਸਿੱਧ ਗਾਇਕ ਪਹਿਲੇ ਦਿਨ ਤੋਂ ਹੀ ਦਿੱਲੀ ਵਿਖੇ ਡਟੇ ਹੋਏ ਹਨ। ਜਿਹੜੇ ਕੰਮ-ਧੰਦਿਆਂ ਦੇ ਸਿਲਸਿਲੇ ਵਿਚ ਵਿਦੇਸ਼ਾਂ ਜਾਂ ਦੂਰ-ਦੁਰਾਂਡੇ ਗਏ ਹੋਏ ਸਨ, ਉਹ ਵੀ ਹੁਣ ਦਿੱਲੀ ਵੱਲ ਕੂਚ ਕਰਨ ਲੱਗੇ ਹਨ।

ਇਸੇ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਵੀ ਕੈਨੇਡਾ ਤੋਂ ਦਿੱਲੀ ਪਹੁੰਚ ਗਏ ਹਨ। ਦਿੱਲੀ ਵਿਖੇ ਧਰਨਾਕਾਰੀਆਂ ਨਾਲ ਸਮਾਂ ਬਿਤਾਦਿਆਂ ਕਰਨ ਔਜਲਾ ਨੇ ਖਾਲਸਾ ਏਡ ਨਾਲ ਮਿਲ ਕੇ ਸੇਵਾ ’ਚ ਵੀ ਹੱਥ ਵੰਡਾਇਆ। ਕਿਸਾਨੀ ਸੰਘਰਸ਼ ਬਾਰੇ ਵਿਰੋਧੀਆਂ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਤੋਹਮਤਾਂ ਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਅਸੀਂ ਬੱਸਾਂ ਨੂੰ ਅੱਗ ਲਾਉਣ ਵਾਲੇ ਨਹੀਂ, ਸਗੋਂ ਵੈਰੀਆਂ ਨੂੰ ਪਰਸ਼ਾਦਾ ਛਕਾਉਣ ਵਾਲੇ ਬੰਦੇ ਹਾਂ।

ਉਨ੍ਹਾਂ ਕਿਹਾ ਕਿ ਧਰਨੇ ਵਿਚ ਸ਼ਾਮਲ ਹੋ ਕੇ ਮੇਰੀ ਰੂਹ ਰਾਜ਼ੀ ਹੋ ਗਈ ਹੈ। ਅਜਿਹੀ ਚੀਜ਼ ਮੈਂ ਜ਼ਿੰਦਗੀ ’ਚ ਪਹਿਲਾਂ ਕਦੇ ਨਹੀਂ ਦੇਖੀ । ਮੈਂ ਇਸ ਸਮੇਂ ਜੋ ਮਹਿਸੂਸ ਕਰ ਰਿਹਾ ਹਾਂ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਰਕਾਰ ਲਈ ਇਹ ਮਾੜੀ ਗੱਲ ਹੈ ਕਿ ਉਹ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਪਰ ਤੁਸੀਂ ਇਕ ਚੀਜ਼ ਦੇਖੋ ਸਾਡੇ ਬਜ਼ੁਰਗਾਂ, ਮਾਵਾਂ-ਭੈਣਾਂ ਦੇ ਚਿਹਰੇ ’ਤੇ ਅਜੇ ਵੀ ਮੁਸਕਰਾਹਟ ਹੈ। ਇਨ੍ਹਾਂ ਨੂੰ ਪਤਾ ਹੈ ਕਿ ਸਾਡੀ ਜਿੱਤ ਪੱਕੀ ਹੈ ਤੇ ਸਾਡੀ ਜਿੱਤ ਹੋ ਕੇ ਰਹੇਗੀ।’

ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਕਹਿਣ ਵਾਲੇ ਸਵਾਲ ’ਤੇ ਕਰਨ ਔਜਲਾ ਨੇ ਕਿਹਾ, ‘ਬਹੁਤ ਸਾਰੇ ਲੋਕ ਕਹਿੰਦੇ ਸਨ ਕਿ ਪੰਜਾਬ ’ਚ ਬਹੁਤ ਜ਼ਿਆਦਾ ਚਿੱਟਾ ਤੇ ਨਸ਼ਾ ਆ ਗਿਆ। ਉਨ੍ਹਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਥੇ ਆਓ ਤੇ ਦੇਖੋ ਇਥੇ ਕੀ ਹੋ ਰਿਹਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਇਥੇ ਬੈਠੇ ਹਨ। ਸਵੇਰ ਤੋਂ ਸ਼ਾਮ ਸੇਵਾ ਕਰਦੇ ਹਨ, ਉਨ੍ਹਾਂ ਦੀ ਸਾਰੀ ਜ਼ਿੰਦਗੀ ਇਥੇ ਹੈ।’

ਕਿਸਾਨਾਂ ਵਲੋਂ ਪੀਜ਼ਾ ਖਾਣ ਤੇ ਸਵਾਲ ਉਠਾਉਣ ਵਾਲਿਆਂ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਪੀਜ਼ਾ ਖਾਧਾ ਤਾਂ ਇਨ੍ਹਾਂ ਲੋਕਾਂ ਨੇ ਵੇਖ ਲਿਆ ਹੈ ਪਰ ਸੀਤ ਰਾਤਾਂ ਵਿਚ ਟਰਾਲੀਆਂ ਥੱਲੇ ਰਾਤਾਂ ਗੁਜਾਰਨ ਦਾ ਦ੍ਰਿਸ਼ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਲੰਗਰ ਪ੍ਰਥਾ ਬਾਬੇ ਨਾਨਕ ਦੀ ਸਿੱਖ ਪੰਥ ਨੂੰ ਵਡਮੁਲੀ ਦਾਤ ਹੈ ਜੋ ਸ਼ੁਰੂ ਤੋਂ ਚਲਦੀ ਆ ਰਹੀ ਹੈ ਅਤੇ ਹਮੇਸ਼ਾ ਚਲਦੀ ਰਹੇਗੀ।