ਚਾਹੇ ਕੁਝ ਵੀ ਕਰਨਾ ਪਵੇ ਕੰਗਨਾ ਦੀ ਫਿਲਮ ਨਹੀਂ ਚੱਲਣ ਦੇਵਾਂਗਾ- ਹੌਬੀ ਧਾਲੀਵਾਲ
ਦਿੱਲੀ ਪਹੁੰਚੇ ਹੌਬੀ ਧਾਲੀਵਾਲ ਨੇ ਕੰਗਨਾ ਰਣੌਤ ਨੂੰ ਦਿੱਤੀ ਚੇਤਾਵਨੀ
ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨੀ ਮੋਰਚੇ ਦੌਰਾਨ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ ਤੇ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਜਾ ਰਿਹਾ ਸੀ ਪਰ ਕਿਸੇ ਦੇ ਕਹਿਣ ‘ਤੇ ਪੰਜਾਬੀ ਨਸ਼ੇੜੀ ਨਹੀਂ ਬਣ ਜਾਣਗੇ।
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਨਸੀਹਤ ਦਿੰਦਿਆਂ ਉਹਨਾਂ ਕਿਹਾ ਕਿ ਕੰਗਨਾ ਦੇ ਕਹਿਣ ‘ਤੇ ਪੰਜਾਬੀਆਂ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਉਹਨਾਂ ਨੇ ਕੰਗਨਾ ਨੂੰ ਚੇਤਵਨੀ ਦਿੱਤੀ ਕਿ ਚਾਹੇ ਕੁਝ ਵੀ ਕਰਨਾ ਪਵੇ ਉਹ ਕੰਗਨਾ ਦੀ ਫਿਲਮ ਨਹੀਂ ਚੱਲਣ ਦੇਣਗੇ।
ਹੌਬੀ ਧਾਲੀਵਾਲ ਨੇ ਨੌਜਵਾਨਾਂ ਨੂੰ ਅਨੁਸ਼ਾਸਨ ਤੇ ਕਿਰਦਾਰ ‘ਚ ਰਹਿ ਕੇ ਕੰਮ ਕਰਨ ਦਾ ਸੁਝਾਅ ਦਿੱਤਾ। ਉਹਨਾਂ ਕਿਹਾ ਕਿ ਬਹੁਤ ਸਾਜ਼ਿਸ਼ਾਂ ਹੋਣਗੀਆਂ ਤੇ ਲੋਕ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਵੀ ਕਰਨਗੇ ਪਰ ਅਪਣਾ ਕਿਰਦਾਰ ਸਾਂਭ ਕੇ ਰੱਖਿਓ। ਉਹਨਾਂ ਕਿਹਾ ਕਿ ਕਿਰਦਾਰ ਸੋਚ, ਪਿਆਰ, ਹਮਦਰਦੀ ਤੇ ਸੇਵਾ ਨੂੰ ਦਰਸਾਉਂਦਾ ਹੈ।
ਅਦਾਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਲਾਹਣਤਾਂ ਪਾਈਆਂ। ਉਹਨਾਂ ਕਿਹਾ ਕਿ ਕਿਸਾਨ ਜ਼ਿੱਦ ਨਹੀਂ ਕਰ ਰਹੇ, ਉਹ ਅਪਣਾ ਹੱਕ ਮੰਗ ਰਹੇ ਹਨ। ਉਹਨਾਂ ਕਿਹਾ ਕਿ ਇਹ ਕਾਨੂੰਨ ਕਾਲੇ ਤੇ ਕਿਸਾਨ ਵਿਰੋਧੀ ਹਨ, ਇਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।