ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਪਰਮਜੀਤ ਸਿੰਘ ਸਰਨਾ ਨੇ ਮਾਰੀ ਲਲਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੂੰ ਵੀ ਪਾਈਆਂ ਲਾਹਨਤਾਂ

Arpan Kaur and Paramjit Singh Sarna

ਨਵੀਂ ਦਿੱਲੀ: (ਅਰਪਨ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।

ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ।  ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਸਪੋਕਸਮੈਨ ਦੀ ਪੱਤਰਕਾਰ ਵੱਲੋਂ  ਦਿੱਲੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ  ਸਿੰਘ ਸਰਨਾ ਨਾਲ ਗੱਲਬਾਤ ਕੀਤੀ ਗਈ।

ਪਰਮਜੀਤ ਸਿੰਘ ਸਰਨਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਠੀਕ ਹਨ। ਉਹਨਾਂ ਕਿਹਾ ਕਿ ਅਫਵਾਹਾਂ ਉੱਡ ਰਹੀਆਂ ਹਨ ਕਿ ਇਹ ਖਾਲਿਸਤਾਨੀ ਹਨ, ਨਕਸਲਵਾਦੀ ਹਨ ਪਰ 23 ਦਿਨ ਹੋ ਗਏ ਮੈਨੂੰ ਤਾਂ ਇਹਨਾਂ ਵਿਚੋਂ ਕੋਈ ਐਂਟੀਨੈਸ਼ਨਲ ਬੰਦਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਇਹ ਆਪਣੀਆਂ ਮੰਗਾਂ ਲਈ ਬੈਠੇ ਹਨ। ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਰੋਜ਼ ਮਿਲਦਾ ਹਾਂ ਉਹਨਾਂ ਦੇ  ਚਿਹਰੇ ਤੇ ਕੋਈ ਵੀ ਉਦਾਸੀ ਨਹੀਂ ਹੈ, ਉਹਨਾਂ ਦੇ ਹੌਸਲਿਆਂ ਤੋਂ ਲੱਗਦਾ ਹੀ ਨਹੀਂ ਹੈ ਕਿ ਉਹਨਾਂ ਨੂੰ ਧਰਨਿਆਂ ਤੇ ਬੈਠਿਆਂ ਨੂੰ 3 ਮਹੀਨੇ ਹੋ ਗਏ ਹਨ।  

ਕਿਸਾਨਾਂ ਨੂੰ ਦਿੱਲੀ ਦੇ ਲੋਕਾਂ ਵੱਲੋਂ ਪੂਰੀ ਸਪੋਟ ਮਿਲ ਰਹੀ ਹੈ ਇਸ ਨਾਲ ਇਹਨਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਰਹੇ ਹਨ, ਉਹਨਾਂ ਕਿਹਾ ਕਿ ਅੰਦੋਲਨ ਉਹੀ ਕਾਮਯਾਬ ਹੁੰਦਾ ਜੇ ਅੰਦੋਲਨ ਨੂੰ ਬਾਹਰ ਦੇ ਲੋਕ ਆਪਣਾ ਸਹਿਯੋਗ ਦੇਣ। ਪਰਮਜੀਤ  ਸਿੰਘ ਸਰਨਾ  ਨੇ ਕਿਹਾ ਕਿ  ਮੈਂ ਕਿਸਾਨਾਂ ਦੇ ਹੱਕ ਵਿਚ ਪੰਜਾਬ ਦਾ ਬੱਚਾ ਬੱਚਾ ਵੇਖਿਆ ਹੈ।

ਮੈਂ ਬਹੁਤ ਸਾਰੀਆਂ ਸੰਗਠਨ, ਸੰਸਥਾਵਾਂ,ਧਾਰਮਿਕ ਆਗੂ ਵੇਖੇ ਹਨ ਜਿਹੜੇ ਆਪਣਾ ਫਰਜ਼ ਸਮਝਦੇ ਹਨ  ਕਿ ਅਸੀਂ  ਵੀ ਉਹਨਾਂ ਨੂੰ ਆਪਣਾ ਸਾਥ ਦੇਈਏ। ਸਕੂਲਾਂ ਦੇ ਬੱਚੇ, ਆਧਿਆਪਕ, ਪ੍ਰਿੰਸੀਪਲ ਸਾਰੇ ਕਿਸਾਨਾਂ ਦੇ ਹੱਕ ਵਿਚ ਦਿੱਲੀ ਆਏ ਹੋਏ ਹਨ। ਇਹ ਨਜ਼ਰ ਆ ਰਿਹਾ ਹੈ । ਪੰਜਾਬ ਵਿਚ ਪੰਜਾਬ ਦੇ ਲੋਕਾਂ ਨੇ ਇਹ  ਫੈਸਲਾ ਕਰ ਲਿਆ ਹੈ ਕਿ ਸਾਨੂੰ ਜਿੰਨੀ ਮਰਜ਼ੀ ਤਕਲੀਫ ਹੋਵੇ ਪਰ ਅਸੀਂ ਘਰਾਂ ਤੋਂ ਬਾਹਰ ਨਿਕਲ ਕੇ ਉਹਨਾਂ ਦਾ ਸਾਥ ਦੇਵਾਂਗੇ, ਆਪਣਾ ਫਰਜ਼ ਪੂਰਾ ਕਰਾਂਗੇ।

ਸਰਨਾ ਨੇ ਕਿਹਾ ਕਿ ਇਹ ਇਕੱਲਾ ਕਿਸਾਨ ਅੰਦੋਲਨ ਨਹੀਂ ਹੈ ਇਸ ਨਾਲ ਸਾਡੀਆਂ ਸਰਹੱਦਾਂ ਦੀ ਰਾਖੀ ਜੁੜੀ ਹੋਈ ਹੈ ਵਪਾਰੀਆਂ ਦੇ ਪੁੱਤ ਨਹੀਂ ਸਰਹੱਦਾਂ ਦੀ ਰਾਖੀ ਕਰਦੇ ਸਾਡੇ ਕਿਸਾਨਾਂ ਦੇ 95% ਪੁੱਤ ਸਰਹੱਦਾਂ  ਤੇ ਦੇਸ਼ ਦੀ ਰਾਖੀ ਕਰਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੇ ਪੁੱਤਰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ ਫਿਰ ਇਹਨਾਂ ਦੀਂ ਮੰਗਾਂ ਕਿਉਂ ਨਾ ਮੰਨੀਆਂ ਜਾਨ।

ਉਹਨਾਂ ਨੇ ਮੋਦੀ ਸਰਾਕਾਰ ਨੂੰ ਵੀ ਅਪੀਲ ਕੀਤੀ ਹੈ ਕਿਸਾਨਾਂ ਨਾਲ ਜ਼ਿੱਦ ਨਾ ਕਰਨ ਜੇ ਕਿਸਾਨਾਂ ਨਾਲ ਜ਼ਿਦ ਕਰੋਗੇ ਤਾਂ ਹਾਰ ਹੀ ਹੋਣੀ ਹੈ ਜੇ ਇਹਨਾਂ ਦੀ ਜਿੱਦ ਮੰਨੋਗੇ ਤਾਂ ਤੁਹਾਡੀ ਜਿੱਤ ਹੋਵੇਗੀ। ਉਹਨਾਂ ਕਿਹਾ ਕਿ ਸੰਤ ਰਾਮ ਸਿੰਘ ਜੀ  ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ, ਉਹਨਾਂ ਦੀ ਸ਼ਹਾਦਤ ਕਿਸਾਨਾਂ ਨੂੰ ਕਾਮਯਾਬੀ ਜ਼ਰੂਰ ਦਵਾਂਵੇਗੀ। ਉਹਨਾਂ ਕਿਹਾ ਕਿ ਸਰਕਾਰ ਨੇ ਜੇ ਫੈਸਲਾ ਲੈਣਾ ਹੀ ਹੈ ਤਾਂ ਉਹ ਨਵੇਂ  ਸਾਲ ਨੂੰ ਕਿਉਂ ਉਡੀਕ ਰਹੇ ਹਨ  ਹੁਣ ਹੀ ਫੈਸਲਾ ਲੈ  ਲੈਣ।