ਅਭਿਸ਼ੇਕ ਮਨੂੰ ਸਿੰਘਵੀ ਦੇ ਟਵੀਟ 'ਤੇ ਭੜਕੇ ਮਨਜਿੰਦਰ ਸਿਰਸਾ, ਕਹੀ ਵੱਡੀ ਗੱਲ
ਜਿਨ੍ਹਾਂ ਲੋਕਾਂ ਨੇ ਅੱਜ ਤੱਕ ਬੇਅਦਬੀ ਕੀਤੀ, ਉਨ੍ਹਾਂ ਲੋਕਾਂ ’ਤੇ ਤੁਸੀਂ ਕਾਰਵਾਈ ਨਹੀਂ ਕੀਤੀ।
ਨਵੀਂ ਦਿੱਲੀ - ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਨੂੰ ਲੈ ਕੇ ਸਿੱਖਾਂ ’ਚ ਭਾਰੀ ਰੋਸ ਹੈ ਹਾਲਾਂਕਿ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂੰ ਸਿੰਘਵੀ ਨੇ ਵੀ ਟਵੀਟ ਕੀਤਾ ਸੂ। ਉਨ੍ਹਾਂ ਨੇ ਅਪਣੇ ਟਵੀਟ ਵਿਚ ਲਿਖਿਆ ਕਿ ‘‘ਬੇਅਦਬੀ ਭਿਆਨਕ ਹੈ ਪਰ ਸੱਭਿਅਕ ਦੇਸ਼ ’ਚ ਲਿੰਚਿੰਗ (ਭੀੜ ਵਲੋਂ ਕੁੱਟਮਾਰ ਕਰਨਾ) ਘੱਟ ਭਿਆਨਕ ਨਹੀਂ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਸਾਰਿਆਂ ਖ਼ਿਲਾਫ਼ ਸਖ਼ਤ ਕਰਵਾਈ ਕਰੋ, ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ’ਚ ਲਿਆ ਅਤੇ ਇਕ ਉਦਾਹਰਣ ਬਣਾਇਆ ਹੈ।
ਅਭਿਸ਼ੇਕ ਸਿੰਘਵੀ ਦੇ ਇਸ ਟਵੀਟ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਵਾਬ ਦਿੰਦਿਆ ਕਿਹਾ ਕਿ ਸਿੰਘਵੀ ਜੀ ਦੋਹਰੀ ਖੇਡ ਖੇਡਣਾ ਬੰਦ ਕਰੋ। ਮਨੂੰ ਸਿੰਘਵੀ ਜੋ ਕਿ ਦੋਹਾਂ ਪਾਸਿਆਂ ਦੀ ਗੱਲ ਕਰ ਰਿਹਾ ਹੈ, ਜੋ ਸ੍ਰੀ ਦਰਬਾਰ ਸਾਹਿਬ ’ਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਿਰਸਾ ਨੇ ਕਿਹਾ ਕਿ ਸਰਕਾਰ ਕਾਂਗਰਸ ਦੀ, ਤੁਹਾਡਾ ਮੁੱਖ ਮੰਤਰੀ ਹੈ, ਤੁਹਾਡੀ ਹੀ ਪੁਲਿਸ ਹੈ ਅਤੇ ਤੁਹਾਡੀ ਇੰਟੈਲੀਜੈਂਸ ਬਿਊਰੋ ਹੈ। ਤੁਹਾਨੂੰ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ? ਜਿਨ੍ਹਾਂ ਲੋਕਾਂ ਨੇ ਅੱਜ ਤੱਕ ਬੇਅਦਬੀ ਕੀਤੀ, ਉਨ੍ਹਾਂ ਲੋਕਾਂ ’ਤੇ ਤੁਸੀਂ ਕਾਰਵਾਈ ਨਹੀਂ ਕੀਤੀ। ਹੁਣ ਤੁਸੀਂ ਫਿਰ ਉਸੇ ਲਾਈਨ ’ਤੇ ਤੁਰ ਰਹੇ ਹੋ, ਜਿਸ ਨੂੰ 1980 ਦੇ ਦਹਾਕੇ ’ਚ ਗਾਂਧੀ ਪਰਿਵਾਰ ਨੇ ਅਪਣਾਇਆ।
ਸਿਰਸਾ ਨੇ ਅੱਗੇ ਕਿਹਾ ਕਿ ਪਹਿਲਾਂ ਸਿੱਖਾਂ ਦੇ ਗੁਰੂ ਧਾਮਾਂ ’ਤੇ ਹਮਲੇ ਕਰੋ, ਉਨ੍ਹਾਂ ਨੂੰ ਗੁੱਸਾ ਦਿਵਾਓ ਫਿਰ ਉਨ੍ਹਾਂ ਨੂੰ ਇਨਸਾਫ ਨਾ ਲੈਣ ਦਿਓ। ਇੱਥੋਂ ਤੱਕ ਕਿ ਉਨ੍ਹਾਂ ਨੂੰ ਅਤਿਵਾਦੀ ਘੋਸ਼ਿਤ ਕਰ ਕੇ ਉਨ੍ਹਾਂ ਨੂੰ ਮਰਵਾਉਣ ਦਾ ਕੰਮ ਕਰੋ। ਉਹ ਹੀ ਦੋਹਰੀ ਖੇਡ ਖੇਡਣਾ ਬੰਦ ਕਰੋ, ਜੋ ਇੰਦਰਾ ਗਾਂਧੀ ਨੇ ਸਿੱਖ ਧਰਮ ’ਤੇ ਹਮਲਾ ਕਰਨ, ਨਿਆਂ ਤੋਂ ਇਨਕਾਰ ਕਰਨ ਅਤੇ ਸਿੱਖਾਂ ਨੂੰ 80 ਦੇ ਦਹਾਕੇ ਵਾਂਗ ਭਿਆਨਕ ਚਰਿੱਤਰ ਕਰਨ ਲਈ ਖੇਡਿਆ ਸੀ। ਅੱਜ ਕਾਂਗਰਸ ਫਿਰ ਉਸੇ ਰਾਹ ’ਤੇ ਹੈ। ਮਨੂੰ ਸਿੰਘਵੀ ਦੇ ਇਸ ਟਵੀਟ ਤੋਂ ਇਹ ਗੱਲ ਸਪੱਸ਼ਟ ਹੈ ਕਿ ਖ਼ੁਦ ਦੀ ਸਰਕਾਰ ਅਤੇ ਖ਼ੁਦ ਹੀ ਕਾਰਵਾਈ ਤੋਂ ਦੌੜ ਰਹੇ ਹਨ ਅਤੇ ਸਾਨੂੰ ਮਰਵਾਉਣ ਦਾ ਕੰਮ ਕਰਨਾ ਚਾਹੁੰਦੇ ਹਨ।