ਜਗਦੀਸ਼ ਟਾਈਟਲਰ ਦੀ ਫ਼ੋਟੋ ਵਾਲੀ T-Shirt ਪਾ ਕੇ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਕਾਂਗਰਸੀ ਆਗੂ ਨੂੰ ਮਿਲੀ ਜ਼ਮਾਨਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਹਾ- ਮਨਪਸੰਦ ਵਿਅਕਤੀ ਦੀ ਫ਼ੋਟੋ ਵਾਲੀ T-Shirt ਪਾਉਣਾ ਧਾਰਮਿਕ ਅਸ਼ਾਂਤੀ ਕਿਵੇਂ ਪੈਦਾ ਕਰ ਸਕਦਾ ਹੈ 

punjabi news

ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈਕੋਰਟ ਨੇ ਕਾਂਗਰਸੀ ਆਗੂ ਕਰਮਜੀਤ ਸਿੰਘ ਗਿੱਲ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਸ 'ਤੇ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਫ਼ੋਟੋ ਖਿਚਵਾਉਣ ਦੇ ਦੋਸ਼ ਸਨ। ਹਾਈਕੋਰਟ ਨੇ ਕਿਹਾ ਕਿ ਆਪਣੇ ਮਨਪਸੰਦ ਵਿਅਕਤੀ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਉਣਾ ਧਾਰਮਿਕ ਅਸ਼ਾਂਤੀ ਕਿਵੇਂ ਪੈਦਾ ਕਰ ਸਕਦਾ ਹੈ।

ਪਟੀਸ਼ਨ ਦਾਇਰ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਸਸੀ/ਐਸਟੀ ਸੈੱਲ ਦੇ ਚੇਅਰਮੈਨ ਕਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਟਾਈਟਲਰ ਦੇ ਜਨਮ ਦਿਨ 16 ਅਗਸਤ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਇਸ਼ਨਾਨ ਕੀਤਾ ਸੀ। ਜਿਸ ਤੋਂ ਬਾਅਦ ਆਪਣੀ ਟੀ-ਸ਼ਰਟ ਪਹਿਨੀ ਅਤੇ ਬਿਨਾਂ ਕੁਝ ਕਹੇ ਉਥੋਂ ਚਲੇ ਗਏ। ਪਟੀਸ਼ਨਰ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ।

 ਅਪੀਲਕਰਤਾ ਨੇ ਦੱਸਿਆ ਕਿ ਟੀ-ਸ਼ਰਟ 'ਤੇ ਸਿਰਫ ਟਾਈਟਲ ਦੀ ਫੋਟੋ ਸੀ। ਇਸ 'ਤੇ ਲਿਖਿਆ ਹੋਇਆ ਸੀ 'ਹੈਪੀ ਬਰਥਡੇ ਤੋਂ ਅਵਰ ਬੇਲਵਡ ਗਾਡਫਾਦਰ', ਇਸ ਵਿੱਚ ਹਿੰਸਾ ਫੈਲਾਉਣ ਜਾਂ ਨਫ਼ਰਤ ਫੈਲਾਉਣ ਵਰਗਾ ਕੁਝ ਨਹੀਂ ਸੀ। ਇਸ ਮਾਮਲੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਦੀ ਸ਼ਿਕਾਇਤ ’ਤੇ 17 ਅਗਸਤ ਨੂੰ ਐਫਆਈਆਰ ਦਰਜ ਕੀਤੀ ਗਈ ਸੀ। 

ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਪਟੀਸ਼ਨਕਰਤਾ ਨੇ ਜਾਣਬੁੱਝ ਕੇ 1984 ਦੇ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਫ਼ੋਟੋ ਵਾਲੀ ਟੀ-ਸ਼ਰਟ ਪਹਿਨੀ ਸੀ। ਅਜਿਹਾ ਕਰ ਕੇ ਉਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਪਟੀਸ਼ਨ 'ਤੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਪਟੀਸ਼ਨਰ ਲੰਬੇ ਸਮੇਂ ਤੋਂ ਜੇਲ੍ਹ 'ਚ ਹੈ ਅਤੇ ਇਸ ਮਾਮਲੇ 'ਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ। ਪਹਿਲੀ ਨਜ਼ਰੇ, ਇਹ ਕੇਸ ਆਈਪੀਸੀ ਦੀ ਧਾਰਾ 153-ਏ ਵਿੱਚ ਨਹੀਂ ਬਣਾਇਆ ਗਿਆ ਹੈ। ਆਪਣੇ ਮਨਪਸੰਦ ਵਿਅਕਤੀ ਦੀ ਫੋਟੋ ਵਾਲੀ ਟੀ-ਸ਼ਰਟ ਪਹਿਨਣਾ ਅਪਰਾਧ ਕਿਵੇਂ ਹੋ ਸਕਦਾ ਹੈ? ਪਟੀਸ਼ਨਕਰਤਾ ਨੇ ਨਾ ਤਾਂ ਕੋਈ ਸ਼ਬਦ ਕਿਹਾ ਅਤੇ ਨਾ ਹੀ ਕੋਈ ਅਜਿਹਾ ਕੰਮ ਕੀਤਾ ਜੋ ਆਈਪੀਸੀ ਦੀ ਧਾਰਾ 153-ਏ ਨੂੰ ਪ੍ਰਭਾਵਤ ਕਰਦਾ ਹੋਵੇ। ਇਨ੍ਹਾਂ ਟਿੱਪਣੀਆਂ ਨਾਲ ਹਾਈ ਕੋਰਟ ਨੇ ਮੁਲਜ਼ਮਾਂ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ।