ਭਾਜਪਾ ਦੇ ਯੂਥ ਆਗੂ ਨੇ ਮਜ਼ਦੂਰ ਦੀ ਝੌਂਪੜੀ 'ਤੇ ਚਲਾਇਆ ਬੁਲਡੋਜ਼ਰ, ਪੁਲਿਸ ਨੇ ਲਿਆ ਹਿਰਾਸਤ 'ਚ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਯੁਵਾ ਮੋਰਚਾ ਦੇ ਆਗੂ ਤੇ ਉਸ ਦੇ ਪਿਤਾ ਸਮੇਤ ਕਈਆਂ 'ਤੇ ਮਾਮਲਾ ਦਰਜ 

Image

 

ਬਰੇਲੀ - ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਅਪਰਾਧੀਆਂ 'ਤੇ 'ਬੁਲਡੋਜ਼ਰ' ਚਲਾਏ ਜਾਣ ਦੀਆਂ ਚਰਚਾਵਾਂ ਦਰਮਿਆਨ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਭਾਰਤੀ ਜਨਤਾ ਯੁਵਾ ਮੋਰਚਾ ਦੇ ਆਗੂ ਤੇ ਉਸ ਦੇ ਪਿਤਾ ਨੂੰ ਬੁਲਡੋਜ਼ਰ ਚਲਾ ਕੇ ਇੱਕ ਮਜ਼ਦੂਰ ਦੀ ਝੌਂਪੜੀ ਉਜਾੜਨ ਦੇ ਦੋਸ਼ ਹੇਠ ਹਿਰਾਸਤ 'ਚ ਲਿਆ ਗਿਆ ਹੈ। 

ਇਸ ਮਾਮਲੇ 'ਚ ਪੁਲਿਸ ਨੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਪ੍ਰਦੀਪ ਯਾਦਵ ਅਤੇ ਉਸ ਦੇ ਪਿਤਾ ਸਮੇਤ 4 ਹੋਰ ਲੋਕਾਂ ਖ਼ਿਲਾਫ਼ ਨਾਮਜ਼ਦ ਅਤੇ 15 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਯਾਦਵ ਸਮੇਤ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਸ ਅਧਿਕਾਰੀ ਗੌਰਵ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਮਜ਼ਦੂਰ ਸੀਤਾਰਾਮ ਦਾ ਪਰਿਵਾਰ ਫਰੀਦਪੁਰ ਸ਼ਹਿਰ ਦੇ ਬਿਸਲਪੁਰ ਰੋਡ 'ਤੇ ਇੱਕ ਝੌਂਪੜੀ 'ਚ 2007 ਤੋਂ ਰਹਿ ਰਿਹਾ ਸੀ।

ਦੋਸ਼ ਹੈ ਕਿ ਪ੍ਰਦੀਪ ਯਾਦਵ ਉਨ੍ਹਾਂ ਦੀ ਝੌਂਪੜੀ ਦੀ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਦੁਖੀ ਹੋ ਕੇ ਸੀਤਾਰਾਮ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ, ਜਿਸ ਦੀ ਸੁਣਵਾਈ ਚੱਲ ਰਹੀ ਹੈ।

ਸਿੰਘ ਨੇ ਦੱਸਿਆ ਕਿ ਇਲਜ਼ਾਮ ਹੈ ਕਿ ਸੋਮਵਾਰ ਰਾਤ ਨੂੰ ਪ੍ਰਧਾਨ ਪ੍ਰਦੀਪ ਯਾਦਵ ਤੇ ਉਸ ਦੇ ਸਾਥੀ ਬੁਲਡੋਜ਼ਰ ਲੈ ਕੇ ਸੀਤਾਰਾਮ ਦੀ ਝੌਂਪੜੀ 'ਤੇ ਪਹੁੰਚੇ ਅਤੇ ਪੂਰੇ ਪਰਿਵਾਰ ਨੂੰ ਡੰਡਿਆਂ ਨਾਲ ਕੁੱਟਿਆ। ਇਸ ਤੋਂ ਬਾਅਦ ਉਨ੍ਹਾਂ ਨੇ ਬੁਲਡੋਜ਼ਰ ਚਲਾ ਕੇ ਝੌਂਪੜੀ ਢਾਹ ਦਿੱਤੀ।

ਸੀਤਾਰਾਮ ਦਾ ਪਰਿਵਾਰ ਲੋਕਾਂ ਨੂੰ ਉਨ੍ਹਾਂ ਨੂੰ ਬਚਾਉਣ ਲਈ ਤਰਲੇ ਕਰਦਾ ਰਿਹਾ, ਪਰ ਪਿਸਤੌਲਾਂ ਤੇ ਡੰਡੇ ਲਹਿਰਾਉਂਦੇ ਦੇਖ ਕੋਈ ਹਿੰਮਤ ਨਹੀਂ ਜੁਟਾ ਸਕਿਆ। ਬਸਤੀ ਦੀ ਭੀੜ ਦੇਖ ਕੇ ਗੁੰਡਿਆਂ ਨੇ ਕਈ ਰਾਊਂਡ ਗੋਲੀਆਂ ਵੀ ਚਲਾਈਆਂ।

ਦੋਸ਼ ਹੈ ਕਿ ਗੁੰਡਿਆਂ ਨੇ ਮਜ਼ਦੂਰ ਦੀ ਬੇਟੀ ਨਾਲ ਛੇੜਛਾੜ ਵੀ ਕੀਤੀ। ਉਨ੍ਹਾਂ ਦੱਸਿਆ ਕਿ ਬਸਤੀ ਦੇ ਲੋਕਾਂ ਦੀ ਸੂਚਨਾ 'ਤੇ ਪੁਲਿਸ ਨੇ ਮੌਕੇ ਤੋਂ ਪ੍ਰਦੀਪ ਯਾਦਵ, ਉਸ ਦੇ ਪਿਤਾ ਧਿਆਨ ਪਾਲ ਅਤੇ ਇੱਕ ਹੋਰ ਦੋਸ਼ੀ ਰਾਜਵੀਰ ਨੂੰ ਹਿਰਾਸਤ 'ਚ ਲੈ ਲਿਆ। ਉਸ ਦੇ ਹੋਰ ਸਾਥੀ ਬੁਲਡੋਜ਼ਰ ਲੈ ਕੇ ਭੱਜ ਗਏ।

ਸਿੰਘ ਨੇ ਦੱਸਿਆ ਕਿ ਸੀਤਾ ਰਾਮ ਦੀ ਸ਼ਿਕਾਇਤ 'ਤੇ ਪੁਲਿਸ ਨੇ ਭਾਜਯੁਮੋ ਮੰਡਲ ਪ੍ਰਧਾਨ ਪ੍ਰਦੀਪ ਯਾਦਵ, ਧਿਆਨ ਪਾਲ ਸਿੰਘ, ਰਾਜਵੀਰ ਅਤੇ ਸੰਜੀਵ ਕੁਮਾਰ ਖ਼ਿਲਾਫ਼ ਨਾਮਜ਼ਦ ਅਤੇ 15 ਅਣਪਛਾਤੇ ਲੋਕਾਂ ਖਿਲਾਫ ਕੁੱਟਮਾਰ, ਛੇੜਛਾੜ ਅਤੇ ਅੱਗਜ਼ਨੀ ਸਮੇਤ ਗੰਭੀਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਸੀਤਾਰਾਮ ਨੇ ਦੱਸਿਆ ਕਿ ਉਸ ਨੇ ਇਹ ਜ਼ਮੀਨ ਭਗਵਾਨਦਾਸ ਨਾਂਅ ਦੇ ਨੌਜਵਾਨ ਤੋਂ ਖਰੀਦੀ ਸੀ। ਇਸ ਤੋਂ ਬਾਅਦ ਸਾਲ 2007 ਤੋਂ ਉਹ ਆਪਣੇ ਪਰਿਵਾਰ ਨਾਲ ਝੌਂਪੜੀ ਬਣਾ ਕੇ ਰਹਿ ਰਿਹਾ ਸੀ। ਘਰ ਦੀਆਂ ਔਰਤਾਂ ਗੋਹੇ ਦੀਆਂ ਪਾਥੀਆਂ ਬਣਾ ਕੇ ਵੇਚਦੀਆਂ ਸਨ, ਜਦੋਂ ਕਿ ਉਹ ਆਪ ਆਸ-ਪਾਸ ਦੇ ਇਲਾਕੇ ਵਿੱਚ ਮਜ਼ਦੂਰੀ ਕਰਨ ਤੋਂ ਇਲਾਵਾ ਬੱਘੀ ਚਲਾ ਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ।

ਇਸ ਦੌਰਾਨ ਭਾਜਪਾ ਦੀ ਆਮਲਾ ਇਕਾਈ ਦੇ ਪ੍ਰਧਾਨ ਰਾਜੂ ਉਪਾਧਿਆਏ ਨੇ ਦੱਸਿਆ ਕਿ ਪ੍ਰਦੀਪ ਯਾਦਵ ਭਾਜਪਾ ਦੀ ਫਰੀਦਪੁਰ ਮੰਡਲ ਇਕਾਈ ਦਾ ਪ੍ਰਧਾਨ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਉਸ ਵਿਰੁੱਧ ਕਾਨੂੰਨੀ ਕਾਰਵਾਈ ਤਾਂ ਹੋਵੇਗੀ ਹੀ, ਜੱਥੇਬੰਦੀ ਵੀ ਆਪਣੀ ਕਾਰਵਾਈ ਕਰੇਗੀ।