Delhi News: ਹੁਣ ਦਿੱਲੀ ਦੇ ਸਾਈਨ ਬੋਰਡਾਂ ’ਤੇ ਪੰਜਾਬੀ ਤੇ ਉਰਦੂ ਵਿਚ ਵੀ ਲਿਖੀ ਜਾਵੇਗੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News: ਸਰਕਾਰੀ ਅਧਿਕਾਰੀਆਂ ਨੂੰ ਦਫ਼ਤਰਾਂ ਦੇ ਬਾਹਰ ਵੀ ਇਨ੍ਹਾਂ ਭਾਸ਼ਾਵਾਂ ’ਚ ਹੀ ਲਿਖਣੇ ਪੈਣਗੇ ਅਪਣੇ ਨਾਂ

Now information will be written in Punjabi and Urdu on the signboards of Delhi

ਨਵੀਂ ਦਿੱਲੀ: ਦਿੱਲੀ ਦੀਆਂ ਸੜਕੀ ਚਿੰਨ੍ਹਾਂ, ਦਿਸ਼ਾ-ਨਿਰਦੇਸ਼ ਬੋਰਡਾਂ ਅਤੇ ਇੱਥੋਂ ਤਕ ਕਿ ਮੈਟਰੋ ਸਟੇਸ਼ਨਾਂ ’ਤੇ ਜਲਦੀ ਹੀ ਹਿੰਦੀ, ਅੰਗਰੇਜ਼ੀ ਤੇ ਨਾਲ ਲਾਲ ਪੰਜਾਬੀ ਅਤੇ ਉਰਦੂ ਵਿਚ ਜਾਣਕਾਰੀ ਲਿਖੀ ਜਾਵੇਗੀ। ਇਸ ਕਦਮ ਦਾ ਉਦੇਸ਼ ਭਾਸ਼ਾਈ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਦਿੱਲੀ ਦੀਆਂ ਸਰਕਾਰੀ ਭਾਸ਼ਾਵਾਂ ਦਾ ਪ੍ਰਦਰਸ਼ਨ ਕਰਨਾ ਹੈ।

ਦਿੱਲੀ ਸਰਕਾਰ ਦੇ ਅਧੀਨ ਕੰਮ ਕਰਨ ਵਾਲੇ ਨੌਕਰਸ਼ਾਹਾਂ ਨੂੰ ਵੀ ਅਪਣੇ ਦਫ਼ਤਰਾਂ ਦੇ ਬਾਹਰ ਬੋਰਡਾਂ ’ਤੇ ਇਨ੍ਹਾਂ ਚਾਰ ਭਾਸ਼ਾਵਾਂ ’ਚ ਅਪਣਾ ਨਾਂ ਦਿਖਾਉਣਾ ਹੋਵੇਗਾ। ਇਹ ਕਦਮ ‘ਦਿੱਲੀ ਸਰਕਾਰੀ ਭਾਸ਼ਾਵਾਂ ਐਕਟ 2000’ ਦੇ ਅਨੁਸਾਰ ਹੈ ਜੋ ਹਿੰਦੀ ਨੂੰ ਪਹਿਲੀ ਸਰਕਾਰੀ ਭਾਸ਼ਾ ਅਤੇ ਉਰਦੂ ਤੇ ਪੰਜਾਬੀ ਨੂੰ ਦੂਜੀ ਸਰਕਾਰੀ ਭਾਸ਼ਾਵਾਂ ਵਜੋਂ ਮਾਨਤਾ ਦਿੰਦਾ ਹੈ। ਇਸ ਸਮੇਂ ਦਿੱਲੀ ਵਿਚ ਜ਼ਿਆਦਾਤਰ ਸਾਈਨ ਬੋਰਡਾਂ ਅਤੇ ਨੇਮ ਪਲੇਟਾਂ ’ਤੇ ਹਿੰਦੀ ਅਤੇ ਅੰਗਰੇਜ਼ੀ ਵਿਚ ਹੀ ਜਾਣਕਾਰੀ ਲਿਖੀ ਜਾਂਦੀ ਹੈ।

ਕਲਾ, ਸਭਿਆਚਾਰ ਅਤੇ ਭਾਸ਼ਾ ਵਿਭਾਗ ਨੇ 4 ਨਵੰਬਰ ਨੂੰ ਇਕ ਆਦੇਸ਼ ਵਿਚ ਸਾਰੇ ਵਿਭਾਗਾਂ, ਨਾਗਰਿਕ ਸੰਸਥਾਵਾਂ ਅਤੇ ਖ਼ੁਦਮੁਖ਼ਤਿਆਰ ਅਥਾਰਟੀਆਂ ਨੂੰ ਉਪ ਰਾਜਪਾਲ (ਐਲਜੀ) ਵੀਕੇ ਸਕਸੈਨਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਦਾ ਨਿਰਦੇਸ਼ ਦਿਤਾ। ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਬੋਰਡਾਂ ਅਤੇ ਚਿੰਨ੍ਹਾਂ ’ਤੇ ਭਾਸ਼ਾਵਾਂ ਦੀ ਤਰਤੀਬ ਹਿੰਦੀ, ਅੰਗਰੇਜ਼ੀ, ਪੰਜਾਬੀ ਅਤੇ ਉਰਦੂ ਹੋਣੀ ਚਾਹੀਦੀ ਹੈ ਅਤੇ ਸ਼ਬਦਾਂ ਦਾ ਆਕਾਰ ਸਾਰਿਆਂ ਲਈ ਇਕੋ ਜਿਹਾ ਹੋਣਾ ਚਾਹੀਦਾ ਹੈ।