ਮਹਾਂਗਠਜੋੜ ਭ੍ਰਿਸ਼ਟਾਚਾਰੀਆਂ ਦਾ ਗਠਜੋੜ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਰ ਵੇਖ ਕੇ ਵੋਟਿੰਗ ਮਸ਼ੀਨਾਂ 'ਚ ਗੜਬੜ ਦੇ ਬਹਾਨੇ ਬਣਾ ਰਹੀ ਹੈ ਵਿਰੋਧੀ ਧਿਰ......

Narendra Modi

ਮਡਗਾਂਵ (ਗੋਆ)  : ਕੋਲਕਾਤਾ ਵਿਚ ਰੈਲੀ ਦੌਰਾਨ ਵਿਰੋਧੀ ਧਿਰ ਦੀ ਏਕਤਾ ਦੇ ਪ੍ਰਦਰਸ਼ਨ 'ਤੇ ਵਿਅੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਗਠਜੋੜ ਭ੍ਰਿਸ਼ਟਾਚਾਰ, ਨਕਾਰਤਮਕਤਾ ਅਤੇ ਅਸਥਿਰਤਾ ਦਾ ਗਠਜੋੜ ਹੈ। ਮੋਦੀ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਬੂਥ ਪੱਧਰ ਦੇ ਕਾਰਕੁਨਾਂ ਨੂੰ ਸੰਬੋਧਤ ਕਰਦਿਆਂ ਆਖਿਆ ਕਿ ਵਿਰੋਧੀ ਧਿਰ ਆਗਾਮੀ ਚੋਣਾਂ ਵਿਚ ਹਾਰ ਦੇ ਡਰ ਕਾਰਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਛੇੜਖ਼ਾਨੀ ਜਿਹੇ ਬਹਾਨੇ ਬਣਾ ਰਹੀ ਹੈ। ਕਈ ਵਿਰੋਧੀ ਪਾਰਟੀਆਂ ਦੇ ਨੇਤਾ ਕਲ ਕੋਲਕਾਤਾ ਵਿਚ ਇਕੱਠੇ ਹੋਏ ਸਨ

ਅਤੇ ਉਨ੍ਹਾਂ ਆਗਾਮੀ ਲੋਕ ਸਭਾ ਚੋਣਾਂ ਇਕੱਠਿਆਂ ਮਿਲ ਕੇ ਲੜਨ ਅਤੇ ਮੋਦੀ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਸੀ। ਵਿਰੋਧੀ ਧਿਰ ਦੇ ਕਈ ਆਗੂਆਂ ਨੇ ਰੈਲੀ ਵਿਚ ਈਵੀਐਮ ਦੀ ਥਾਂ ਵੋਟ ਪੇਟੀਆਂ ਦੀ ਵਰਤੋਂ ਕੀਤੇ ਜਾਣ ਦੀ ਮੰਗ ਕੀਤੀ ਸੀ। ਉਨ੍ਹਾਂ ਵੋਟਿੰਗ ਮਸ਼ੀਨ ਨੂੰ 'ਹਰ ਤਰ੍ਹਾਂ ਦੀ ਗੜਬੜੀ' ਦਾ ਕਾਰਨ ਦਸਿਆ ਸੀ। ਮੋਦੀ ਨੇ ਕਿਹਾ ਕਿ 10 ਫ਼ੀ ਸਦੀ ਦੇ ਆਮ ਵਰਗ ਕੋਟੇ ਨੂੰ ਲਾਗੂ ਕਰਨ ਲਈ ਵਿਦਿਅਕ ਸੰਸਥਾਵਾਂ ਵਿਚ ਸੀਟਾਂ ਵਧਾਈਆਂ ਜਾਣਗੀਆ। ਮੋਦੀ ਨੇ ਮਹਾਰਾਸ਼ਟਰ ਦੇ ਕਈ ਹਲਕਿਆਂ ਦੇ ਕਾਰਕੁਨਾਂ ਨੂੰ ਸੰਬੋਧਤ ਕੀਤਾ। 

ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਆਗਾਮੀ ਚੋਣਾਂ ਵਿਚ ਹਾਰ ਨਜ਼ਰ ਆ ਰਹੀ ਹੈ। ਇਸ ਲਈ ਉਹ ਅਪਣੀ ਹਾਰ ਤੋਂ ਪਹਿਲਾਂ ਬਹਾਨੇ ਲੱਭ ਰਹੀ ਹੈ ਅਤੇ ਵੋਟਿੰਗ ਮਸ਼ੀਨਾਂ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਕਿਹਾ, 'ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਮੰਚ 'ਤੇ ਮੌਜੂਦ ਆਗੂਆਂ ਵਿਚੋਂ ਇਕ ਨੇ ਬੋਫ਼ਰਜ਼ ਮਾਮਲੇ ਨੂੰ ਯਾਦ ਕੀਤਾ। ਸਚਾਈ ਨੂੰ ਲੁਕਾ ਕੇ ਨਹੀਂ ਰਖਿਆ ਜਾ ਸਕਦਾ।' ਕੋਹਲਾਪੁਰ ਦੇ ਮਤਦਾਨ ਕੇਂਦਰ ਪੱਧਰ ਦੇ ਕਾਰਕੁਨ ਦੇ ਸਵਾਲ ਦਾ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਗਠਜੋੜ ਰਾਜਨੀਤਕ ਦਲਾਂ ਨਾਲ ਹੈ ਜਦਕਿ ਸਾਡਾ ਗਠਜੋੜ 125 ਕਰੋੜ ਭਾਰਤੀਆਂ ਦੇ ਸੁਪਨਿਆਂ, ਉਨ੍ਹਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਮੁਤਾਬਕ ਹੈ।

ਉਨ੍ਹਾਂ ਦੋਸ਼ ਲਾਇਆ ਕਿ ਕੋਲਕਾਤਾ ਵਿਚ ਜਿਹੜੇ ਮੰਚ 'ਤੇ ਸਨ, ਉਹ ਜਾਂ ਤਾਂ ਕਿਸੇ ਵੱਡੇ ਵਿਅਕਤੀ ਦੇ ਬੇਟਾ ਜਾਂ ਬੇਟੀ ਸਨ ਜਾਂ ਉਹ ਲੋਕ ਸਨ ਜਿਹੜੇ ਅਪਣੇ ਬੇਟੇ ਜਾਂ ਬੇਟੀ ਨੂੰ ਰਾਜਨੀਤੀ ਵਿਚ ਵੱਡਾ ਬਣਾਉਣਾ ਚਾਹੁੰਦੇ ਹਨ। ਮੋਦੀ ਨੇ ਕਿਹਾ, 'ਵਿਰੋਧੀ ਧਿਰ ਦਾ ਮਹਾਗਠਜੋੜ ਭ੍ਰਿਸ਼ਟਾਚਾਰ, ਨਕਾਰਤਮਕਤਾ ਅਤੇ ਅਸਥਿਰਤਾ ਦਾ ਗਠਜੋੜ ਹੈ। ਵਿਰੋਧੀ ਧਿਰ ਕੋਲ ਧਨ ਸ਼ਕਤੀ ਹੈ ਅਤੇ ਸਾਡੇ ਕੋਲ ਜਨ ਸ਼ਕਤੀ ਹੈ। ਉਨ੍ਹਾਂ ਗੋਆ ਦੇ ਬੀਮਾਰ ਮੁੱਖ ਮੰਤਰੀ ਮਨੋਹਰ ਲਾਲ ਪਰੀਕਰ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ 'ਗੋਆ ਦਾ ਆਧੁਨਿਕ ਨਿਰਮਾਤਾ' ਦਸਿਆ। (ਏਜੰਸੀ)