ਚਿੜੀਆਘਰ ਵਿਚ ਸ਼ੇਰ-ਸ਼ੇਰਨੀ ਨੇ ਇਕ ਵਿਅਕਤੀ ਦੀ ਲਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਉੱਤਰ ਭਾਰਤ ਦੇ ਪ੍ਰਸਿੱਧ ਛੱਤਬੀੜ ਚਿੜੀਆਘਰ ਵਿਖੇ ਅੱਜ ਬਾਅਦ ਦੁਪਹਿਰ ਸ਼ੇਰਾਂ ਦੇ ਪਿੰਜਰੇ ਵਿਚ ਵੜੇ ਇਕ ਪੈਂਤੀ ਸਾਲਾਂ ਵਿਅਕਤੀ ਨੂੰ ਸ਼ੇਰਾਂ......

One of the lions behind the attack at Chhatbir Zoo

ਜ਼ੀਰਕਪੁਰ : ਉੱਤਰ ਭਾਰਤ ਦੇ ਪ੍ਰਸਿੱਧ ਛੱਤਬੀੜ ਚਿੜੀਆਘਰ ਵਿਖੇ ਅੱਜ ਬਾਅਦ ਦੁਪਹਿਰ ਸ਼ੇਰਾਂ ਦੇ ਪਿੰਜਰੇ ਵਿਚ ਵੜੇ ਇਕ ਪੈਂਤੀ ਸਾਲਾਂ ਵਿਅਕਤੀ ਨੂੰ ਸ਼ੇਰਾਂ ਨੇ ਨੋਚ-ਨੋਚ ਕੇ ਖਾ ਲਿਆ ਭਾਵੇਂ ਚਿੜੀਆ ਘਰ ਪ੍ਰਬੰਧਕਾਂ ਵਲੋਂ ਕਰੀਬ ਛੇ ਮਿੰਟ ਵਿਚ ਹੀ ਉਸ ਨੂੰ ਸ਼ੇਰਾਂ ਦੇ ਚੁੰਗਲ ਤੋਂ ਬਚਾ ਲਿਆ ਪਰ ਉਨ੍ਹਾਂ ਦੀ ਫ਼ੁਰਤੀ ਵੀ ਜ਼ਖ਼ਮੀ ਵਿਅਕਤੀ ਦੀ ਜਾਨ ਨਾ ਬਚਾ ਸਕੀ। ਪੁਲਿਸ ਤੋਂ ਇਲਾਵਾ ਚਿੜੀਆਘਰ ਦੇ ਫ਼ੀਲਡ ਡਾਇਰੈਕਟਰ ਵਲੋਂ ਮੌਕੇ ਦਾ ਦੌਰਾ ਕਰਕੇ ਜਾਂਚ ਅਰੰਭ ਕਰ ਦਿਤੀ ਗਈ ਹੈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ ਦੋ ਵੱਜ ਕੇ ਵੀਹ ਮਿੰਟ 'ਤੇ ਇਕ ਵਿਅਕਤੀ ਚਿੜੀਆ ਘਰ ਵਿਚ ਸਥਿਤ ਲਾਇਨ ਸਫ਼ਾਰੀ (ਖੁਲ੍ਹੇ ਸ਼ੇਰਾਂ ਦਾ ਪਿੰਜਰਾ) ਦੀ ਕਰੀਬ ਵੀਹ ਤੋਂ ਪੱਚੀ ਫੁੱਟ ਉੱਚੀ ਵਾੜ ਟੱਪ ਕੇ ਸ਼ੱਕੀ  ਹਾਲਤ ਵਿਚ ਲਾਇਨ ਸਫ਼ਾਰੀ ਵਿਚ ਵੜ ਗਿਆ। ਇਸ ਦੌਰਾਨ ਜਦ ਉਹ ਚਿੜੀਆਂ ਘਰ ਦੀ ਦੀਵਾਰ ਤੋਂ ਕਰੀਬ ਸੌ ਫੁੱਟ ਅੰਦਰ ਗਿਆ ਤਾਂ ਚਿੜੀਆਂ ਘਰ ਵਿਚ ਖੁਲ੍ਹੇ ਘੁੰਮ ਰਹੇ ਯੁਵਰਾਜ ਅਤੇ ਸ਼ਿਲਪਾ ਨਾਮ ਦੇ ਸ਼ੇਰ-ਸ਼ੇਰਨੀ ਨੇ ਉਸ 'ਤੇ ਹਮਲਾ ਕਰ ਦਿਤਾ ਅਤੇ ਉਸ ਨੂੰ ਨੋਚਣਾ ਆਰੰਭ ਕਰ ਦਿਤਾ।

ਚਿੜੀਆਘਰ ਦੇ ਐਜੂਕੇਸ਼ਨ ਅਤੇ ਰੇਂਜ ਅਫ਼ਸਰ ਹਰਪਾਲ ਸਿੰਘ ਨੇ ਦਸਿਆ ਕਿ ਜਦੋਂ ਸੂਚਨਾ ਮਿਲੀ ਤਾਂ ਉਹ ਉਨ੍ਹਾਂ ਵਲੋਂ ਫ਼ੁਰਤੀ ਵਿਖਾਉਂਦੇ ਹੋਏ ਜ਼ਖ਼ਮੀ ਵਿਅਕਤੀ ਨੂੰ ਅਪਣੀ ਗੱਡੀ ਵਿਚ ਪਾ ਕੇ ਤੁਰਤ ਉਸ ਨੂੰ ਡੇਰਾਬਸੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਪ੍ਰਤੱਖ ਦਰਸ਼ੀਆਂ ਅਨੁਸਾਰ ਜਦੋਂ ਇਹ ਵਿਅਕਤੀ ਸ਼ੇਰ ਸਵਾਰੀ ਵਿਚ ਵੜ ਰਿਹਾ ਸੀ ਤਾਂ ਬਾਹਰ ਖੜੇ ਲੋਕਾਂ ਵਲੋਂ ਰੌਲਾ ਪਾ ਕੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ

ਪਰ ਉਹ ਵਿਅਕਤੀ ਕਿਸੇ ਤਰ੍ਹਾਂ ਦੇ ਨਸ਼ੇ ਵਿਚ ਲੱਗ ਰਿਹਾ ਸੀ ਜੋ ਹੱਸਦਾ ਹੋਇਆ ਸ਼ੇਰਾਂ ਵਲ ਨੂੰ ਜਾ ਰਿਹਾ ਸੀ। ਮੌਕੇ 'ਤੇ ਜਾਂਚ ਲਈ ਪੁੱਜੇ ਜ਼ੀਰਕਪੁਰ ਥਾਣੇ ਦੇ ਪੜਤਾਲੀਆ ਅਫ਼ਸਰ ਏ ਐਸ.ਆਈ. ਬਲਜਿੰਦਰ ਸਿੰਘ ਨੇ ਦਸਿਆ ਕਿ ਹਾਲੇ ਇਸ ਮਾਮਲੇ ਵਿਚ ਕੁਝ ਨਹੀਂ ਕਿਹਾ ਜਾ ਸਕਦਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਚਿੜੀਆਘਰ ਦੇ ਫ਼ੀਲਡ ਡਾਇਰੈਕਟਰ ਡਾ. ਐਮ ਸੁਦਾਗਰ ਨੇ ਕਿਹਾ ਕਿ ਚਿੜੀਆ ਘਰ ਵਿਚ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ।