'ਅਮਰ ਜਵਾਨ ਜੋਤੀ' ਨੂੰ ਅੱਜ ਨਵੇਂ ਬਣੇ ਨੈਸ਼ਨਲ ਵਾਰ ਮੈਮੋਰੀਅਲ 'ਚ ਕੀਤਾ ਜਾਵੇਗਾ ਤਬਦੀਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

50 ਸਾਲ ਪੁਰਾਣੀ ਪਰੰਪਰਾ 'ਚ ਕੀਤੀ ਜਾਵੇਗੀ ਤਬਦੀਲੀ 

Amar Jawan Jyoti

 

ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਵਿਚ 50 ਸਾਲਾਂ ਤੋਂ ਇੰਡੀਆ ਗੇਟ ਦੀ ਪਛਾਣ ਬਣੀ ਅਮਰ ਜਵਾਨ ਜੋਤੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਇੱਥੋਂ ਤਬਦੀਲ ਕੀਤਾ ਜਾ ਰਿਹਾ ਹੈ। ਹੁਣ ਇਹ ਜੋਤ ਇੰਡੀਆ ਗੇਟ ਦੀ ਬਜਾਏ ਨੈਸ਼ਨਲ ਵਾਰ ਮੈਮੋਰੀਅਲ 'ਤੇ ਜਗਾਈ ਜਾਵੇਗੀ। ਇਸ ਜੋਤ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3.30 ਵਜੇ ਵਾਰ ਮੈਮੋਰੀਅਲ 'ਤੇ ਜਗਾਈ ਜਾਵੇਗੀ। 

ਭਾਰਤੀ ਫੌਜ ਦੇ ਇਕ ਅਧਿਕਾਰੀ ਮੁਤਾਬਕ ਅਮਰ ਜਵਾਨ ਜੋਤੀ ਦੀ ਮਸ਼ਾਲ ਸ਼ੁੱਕਰਵਾਰ ਦੁਪਹਿਰ ਨੂੰ ਰਾਸ਼ਟਰੀ ਯੁੱਧ ਸਮਾਰਕ 'ਤੇ ਲਿਆਂਦੀ ਜਾਵੇਗੀ। ਉੱਥੇ ਇੱਕ ਸਮਾਰੋਹ ਵਿਚ ਦੋਵੇਂ ਲੋਆਂ ਨੂੰ ਮਿਲਾ ਦਿੱਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਏਅਰ ਮਾਰਸ਼ਲ ਬਲਭੱਦਰ ਰਾਧਾ ਕ੍ਰਿਸ਼ਨਨ ਕਰਨਗੇ। ਅਮਰ ਜਵਾਨ ਜੋਤੀ 1971 ਦੀ ਪਾਕਿਸਤਾਨ ਵਿਰੁੱਧ ਜੰਗ ਵਿਚ ਸ਼ਹੀਦ ਹੋਏ 3,843 ਭਾਰਤੀ ਸੈਨਿਕਾਂ ਦੀ ਯਾਦ ਵਿਚ ਬਣਾਈ ਗਈ ਸੀ। ਇਹ ਪਹਿਲੀ ਵਾਰ 1972 ਵਿਚ ਪ੍ਰਕਾਸ਼ਤ ਕੀਤੀ ਗਈ ਸੀ। ਇਸ ਦਾ ਉਦਘਾਟਨ 26 ਫਰਵਰੀ 1972 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ। 

ਨੈਸ਼ਨਲ ਵਾਰ ਮੈਮੋਰੀਅਲ ਦਾ ਨਿਰਮਾਣ ਕੇਂਦਰ ਸਰਕਾਰ ਨੇ 2019 ਵਿਚ ਕੀਤਾ ਸੀ। ਇਹ 26,466 ਭਾਰਤੀ ਸੈਨਿਕਾਂ ਦੇ ਸਨਮਾਨ ਵਿਚ ਬਣਾਇਆ ਗਿਆ ਸੀ ਜਿਨ੍ਹਾਂ ਨੇ 1947 ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਹੀਦੀ ਦਿੱਤੀ ਹੈ। ਇਸ ਯਾਦਗਾਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਫਰਵਰੀ 2019 ਨੂੰ ਕੀਤਾ ਸੀ। ਅਮਰ ਜਵਾਨ ਜੋਤੀ ਨੂੰ ਇੰਡੀਆ ਗੇਟ ਤੋਂ ਨੈਸ਼ਨਲ ਵਾਰ ਮੈਮੋਰੀਅਲ ਤੱਕ ਲਿਜਾਣ ਦੇ ਸਰਕਾਰ ਦੇ ਫੈਸਲੇ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਕਈ ਸਾਬਕਾ ਸੈਨਿਕਾਂ ਨੇ ਵੀ ਇਸ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਸਬੰਧਤ ਦੱਸਦੇ ਹੋਏ ਨਾ ਹਟਾਉਣ ਦੀ ਅਪੀਲ ਕੀਤੀ ਹੈ। ਦਸੰਬਰ 2021 ਵਿਚ 1971 ਦੀ ਭਾਰਤ-ਪਾਕਿਸਤਾਨ ਜੰਗ ਦੇ 50 ਸਾਲ ਪੂਰੇ ਹੋ ਗਏ ਹਨ।