ਸੁਪਰੀਮ ਕੋਰਟ ਦਾ ਅਹਿਮ ਫੈਸਲਾ, 'ਪਿਤਾ ਦੇ ਹਿੱਸੇ ਦੀ ਜਾਇਦਾਦ 'ਤੇ ਬੇਟੀ ਦਾ ਪੂਰਾ ਹੱਕ' 

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਔਰਤ ਨੂੰ ਮਾਤਾ-ਪਿਤਾ ਤੋਂ ਜਾਇਦਾਦ ਵਿਰਾਸਤ ਵਿਚ ਮਿਲੀ ਹੈ, ਤਾਂ ਜਾਇਦਾਦ ਪਿਤਾ ਦੇ ਵਾਰਸਾਂ ਕੋਲ ਜਾਵੇਗੀ

Supreme Court

 

ਨਵੀਂ ਦਿੱਲੀ: ਪਿਤਾ ਦੀ ਜਾਇਦਾਦ 'ਤੇ ਬੇਟੀ ਦਾ ਵੀ ਪੂਰਾ ਹੱਕ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹਿੰਦੂ ਔਰਤ ਦੀ ਸੰਪਤੀ 'ਚ ਉਤਰਾਧਿਕਾਰੀ 'ਤੇ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬਿਨ੍ਹਾਂ ਵਸੀਅਤ ਦੇ ਮਰਨ ਵਾਲੇ ਹਿੰਦੂ ਪੁਰਸ਼ ਦੀ ਧੀ ਪਿਤਾ ਦੀ ਜਾਇਦਾਦ 'ਚ ਖੁਦ ਪ੍ਰਾਪਤ ਅਤੇ ਵਿਰਾਸਤ 'ਚ ਹਿੱਸਾ ਲੈਣ ਦੀ ਹੱਕਦਾਰ ਹੈ। ਅਤੇ ਧੀ ਨੂੰ ਜਾਇਦਾਦ ਦਾ ਵਾਰਸ ਹੋਣਾ ਚਾਹੀਦਾ ਹੈ। ਹੋਰ ਭਾਗੀਦਾਰਾਂ (ਪਿਤਾ ਦੇ ਪੁੱਤਰ ਦੀ ਧੀ ਅਤੇ ਪਿਤਾ ਦੇ ਭਰਾਵਾਂ) ਉੱਤੇ ਤਰਜੀਹ ਹੋਵੇਗੀ। ਇਸ ਤੋਂ ਇਲਾਵਾ ਬਿਨ੍ਹਾਂ ਵਸੀਅਤ ਦੇ ਮਰਨ ਵਾਲੀ ਬੇਔਲਾਦ ਹਿੰਦੂ ਔਰਤ ਦੀ ਸੰਪਤੀ ਦੇ ਉੱਤਰਾਧਿਕਾਰੀ 'ਤੇ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਅਜਿਹੀ ਔਰਤ ਦੀ ਜਾਇਦਾਦ ਉਸੇ ਮੂਲ ਸਰੋਤ 'ਤੇ ਵਾਪਸ ਚਲੀ ਜਾਵੇਗੀ ਜਿੱਥੋਂ ਉਸ ਨੂੰ ਜਾਇਦਾਦ ਵਿਰਾਸਤ ਵਿਚ ਮਿਲੀ ਸੀ।

ਅਦਾਲਤ ਨੇ ਕਿਹਾ ਕਿ ਜੇਕਰ ਔਰਤ ਨੂੰ ਮਾਤਾ-ਪਿਤਾ ਤੋਂ ਜਾਇਦਾਦ ਵਿਰਾਸਤ ਵਿਚ ਮਿਲੀ ਹੈ, ਤਾਂ ਜਾਇਦਾਦ ਪਿਤਾ ਦੇ ਵਾਰਸਾਂ ਕੋਲ ਜਾਵੇਗੀ ਅਤੇ ਜੇਕਰ ਉਸ ਨੂੰ ਜਾਇਦਾਦ ਪਤੀ ਜਾਂ ਸਹੁਰੇ ਤੋਂ ਮਿਲੀ ਹੈ, ਤਾਂ ਜਾਇਦਾਦ ਉਸ ਦੇ ਪਿਤਾ ਦੇ ਵਾਰਸਾਂ ਕੋਲ ਜਾਵੇਗੀ। ਹਾਲਾਂਕਿ ਔਰਤ ਦੀ ਜਾਇਦਾਦ ਪਤੀ ਜਾਂ ਬੱਚੇ ਦੇ ਜ਼ਿੰਦਾ ਹੋਣ ਦੀ ਸੂਰਤ ਵਿਚ ਪਤੀ ਅਤੇ ਬੱਚਿਆਂ ਨੂੰ ਦਿੱਤੀ ਜਾਵੇਗੀ, ਇਸ ਵਿਚ ਉਹ ਜਾਇਦਾਦ ਵੀ ਸ਼ਾਮਲ ਹੋਵੇਗੀ ਜੋ ਉਸ ਨੂੰ ਮਾਪਿਆਂ ਤੋਂ ਵਿਰਾਸਤ ਵਿਚ ਮਿਲੀ ਸੀ।
ਜਸਟਿਸ ਐੱਸ. ਅਬਦੁਲ ਨਜ਼ੀਰ ਅਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਇਹ ਫੈਸਲਾ ਮਦਰਾਸ ਹਾਈ ਕੋਰਟ ਦੇ ਫੈਸਲੇ ਖਿਲਾਫ਼ ਦਾਇਰ ਅਪੀਲ 'ਤੇ ਸੁਣਵਾਈ ਕਰਦੇ ਹੋਏ ਦਿੱਤਾ।

ਬੈਂਚ ਨੇ ਆਪਣੇ 51 ਪੰਨਿਆਂ ਦੇ ਫੈਸਲੇ ਵਿੱਚ, ਕਾਨੂੰਨ ਬਣਨ ਤੋਂ ਪਹਿਲਾਂ ਹਿੰਦੂ ਉੱਤਰਾਧਿਕਾਰੀ ਐਕਟ, 1956 ਅਤੇ ਇੱਕ ਹਿੰਦੂ ਔਰਤ ਦੇ ਜਾਇਦਾਦ ਦੇ ਅਧਿਕਾਰਾਂ ਬਾਰੇ ਰਿਵਾਇਤੀ ਕਾਨੂੰਨ 'ਤੇ ਚਰਚਾ ਕੀਤੀ। ਅਦਾਲਤ ਨੇ ਕਿਹਾ ਕਿ ਹਿੰਦੂ ਪੁਰਸ਼ ਦੀ ਸਵੈ-ਪ੍ਰਾਪਤ ਜਾਇਦਾਦ ਜਾਂ ਵਿਰਾਸਤੀ ਹਿੱਸੇ 'ਤੇ ਵਿਧਵਾ ਜਾਂ ਧੀ ਦੇ ਅਧਿਕਾਰ ਨੂੰ ਨਾ ਸਿਰਫ਼ ਪੁਰਾਣੇ ਹਿੰਦੂ ਰੀਤੀ ਰਿਵਾਜ ਕਾਨੂੰਨ ਵਿਚ, ਸਗੋਂ ਵੱਖ-ਵੱਖ ਫੈਸਲਿਆਂ ਵਿਚ ਵੀ ਮਾਨਤਾ ਦਿੱਤੀ ਗਈ ਹੈ।
ਅਦਾਲਤ ਨੇ ਕਿਹਾ ਕਿ ਹਿੰਦੂ ਉੱਤਰਾਧਿਕਾਰੀ ਐਕਟ 1956 ਦੀ ਧਾਰਾ 15 (2) ਦਾ ਸਾਰ ਇਹ ਹੈ ਕਿ ਜਾਇਦਾਦ ਨੂੰ ਉਸੇ ਸਰੋਤ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ ਪਰ ਜੇਕਰ ਔਰਤ ਦੇ ਪਤੀ ਜਾਂ ਬੱਚੇ ਹਨ, ਤਾਂ ਜਾਇਦਾਦ ਪਤੀ ਅਤੇ ਬੱਚਿਆਂ ਨੂੰ ਜਾਵੇਗੀ। ਪਟੀਸ਼ਨ ਨੂੰ ਸਵੀਕਾਰ ਕਰਦਿਆਂ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ।