ਪੰਜਾਬ ਚੋਣਾਂ: CM ਦੀ ਦੌੜ 'ਚ ਚੰਨੀ ਸਿਖ਼ਰ 'ਤੇ, ਰਾਹੁਲ ਗਾਂਧੀ ਦੇ ਵਿਸ਼ੇਸ਼ ਸਹਿਯੋਗੀ ਨੇ ਕੀਤਾ ਸਰਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਸਰਵੇਖਣ' 'ਚ ਸਿੱਧੂ ਤੇ ਜਾਖੜ ਪਿੱਛੇ!

File photo

 

ਨਵੀਂ ਦਿੱਲੀ: ਪੰਜਾਬ ਚੋਣਾਂ ਵਿੱਚ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਇਸ ਦਾ ਭਾਵੇਂ ਅਜੇ ਰਸਮੀ ਐਲਾਨ ਨਹੀਂ ਹੋਇਆ ਹੈ ਪਰ ਇੱਕ ਸਰਵੇ ਵਿੱਚ ਮੌਜੂਦਾ ਸੀਐਮ ਚਰਨਜੀਤ ਸਿੰਘ ‘ਚੰਨੀ’ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਸਰਵੇਖਣ ਕਿਸੇ ਏਜੰਸੀ ਨੇ ਨਹੀਂ ਕੀਤਾ ਹੈ, ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਵਿਸ਼ੇਸ਼ ਸਹਿਯੋਗੀ ਨਿਖਿਲ ਅਲਵਾ ਨੇ ਆਪਣੇ ਟਵਿੱਟਰ 'ਤੇ ਲੋਕਾਂ ਨੂੰ ਸੀਐਮ ਚਿਹਰੇ ਬਾਰੇ ਸਵਾਲ ਪੁੱਛੇ ਸਨ। ਉਨ੍ਹਾਂ ਨੇ ਆਪਣੇ ਸਰਵੇਖਣ ਵਿੱਚ ਲੋਕਾਂ ਨੂੰ ਤਿੰਨ ਵਿਕਲਪ ਦਿੱਤੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੇ ਨਾਂ ਸ਼ਾਮਲ ਕੀਤੇ ਗਏ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਰਟੀ ਵਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਨਾਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੁਨੀਲ ਜਾਖੜ ਇਸ ਅਹੁਦੇ ਲਈ ਦੂਜੇ ਦਾਅਵੇਦਾਰ ਦੱਸੇ ਜਾ ਰਹੇ ਹਨ। ਉਨ੍ਹਾਂ ਨੂੰ ਹਾਲ ਹੀ ਵਿੱਚ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਆਗੂਆਂ ਦੇ ਇਸ ਮੁਕਾਬਲੇ ਕਾਰਨ ਕਾਂਗਰਸ ਹਾਈਕਮਾਂਡ ਨੂੰ ਕਹਿਣਾ ਪਿਆ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਇੱਕ ਆਗੂ ਦਾ ਚਿਹਰਾ ਅੱਗੇ ਨਹੀਂ ਰੱਖਿਆ ਜਾਵੇਗਾ।

 

ਮੌਜੂਦਾ ਵਿਧਾਨ ਸਭਾ ਚੋਣਾਂ ਸਾਂਝੀ ਅਗਵਾਈ ਹੇਠ ਲੜੀਆਂ ਜਾਣਗੀਆਂ। ਇਹ ਟਵਿਟਰ ਪੋਲ ਸੀਨੀਅਰ ਕਾਂਗਰਸ ਨੇਤਾ ਮਾਰਗਰੇਟ ਅਲਵਾ ਦੇ ਬੇਟੇ ਨਿਖਿਲ ਅਲਵਾ ਨੇ ਕੀਤਾ ਹੈ। ਨਿਖਿਲ ਕਈ ਸਾਲਾਂ ਤੋਂ ਰਾਹੁਲ ਗਾਂਧੀ ਦੇ ਨਾਲ ਰਹੇ ਹਨ ਅਤੇ ਉਨ੍ਹਾਂ ਨੇ ਕਈ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਇਆ ਹੈ। ਨਿਖਿਲ ਨੂੰ ਰਾਹੁਲ ਗਾਂਧੀ ਦੇ ਵਿਸ਼ੇਸ਼ ਸਹਿਯੋਗੀ ਅਤੇ ਮੀਡੀਆ ਰਣਨੀਤੀਕਾਰ ਵਜੋਂ ਦੇਖਿਆ ਜਾਂਦਾ ਹੈ।

 

 

 

 

ਨਿਖਿਲ ਅਲਵਾ ਨੇ ਬੁੱਧਵਾਰ ਨੂੰ ਟਵਿਟਰ 'ਤੇ ਪੋਲ ਸ਼ੁਰੂ ਕੀਤੀ। ਇਸ ਪੋਲ ਵਿੱਚ 1283 ਲੋਕਾਂ ਨੇ ਹਿੱਸਾ ਲਿਆ। ਉਨ੍ਹਾਂ ਪੰਜਾਬ ਚੋਣਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਲੋਕਾਂ ਸਾਹਮਣੇ ਤਿੰਨ ਵਿਕਲਪ ਰੱਖੇ ਸਨ। 68.7 ਫੀਸਦੀ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਦੱਸਿਆ ਹੈ। ਇਸ ਤੋਂ ਬਾਅਦ 11.5 ਫੀਸਦੀ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਅਤੇ 9.3 ਫੀਸਦੀ ਲੋਕਾਂ ਨੇ ਸੁਨੀਲ ਜਾਖੜ ਦੇ ਨਾਂ 'ਤੇ ਵੋਟ ਪਾਈ। ਹਾਲਾਂਕਿ ਹੁਣ ਤੱਕ ਪਾਰਟੀ ਨੇ ਇਸ ਸਰਵੇਖਣ 'ਤੇ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।