ਕੇਂਦਰ ਨੇ ਗੁਜਰਾਤ ਦੰਗਿਆਂ ਬਾਰੇ BBC ਦੀ ਦਸਤਾਵੇਜ਼ੀ ਫਿਲਮ ਯੂਟਿਊਬ ’ਤੇ ਕੀਤੀ ਬਲੌਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡੀਓ ਸਾਂਝੀ ਕਰਨ ਵਾਲੇ ਕੁਝ ਟਵੀਟ ਵੀ ਹਟਾਉਣ ਦਾ ਦਿੱਤਾ ਆਦੇਸ਼ 

representational Image

ਨਵੀਂ ਦਿੱਲੀ : ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦੀ ਦਸਤਾਵੇਜ਼ੀ ਫ਼ਿਲਮ ਦੇ ਪਹਿਲੇ ਭਾਗ ਨੂੰ ਸਾਂਝਾ ਕਰਨ ਵਾਲੇ ਕਈ ਯੂ-ਟਿਊਬ ਵੀਡੀਓਜ਼ ਨੂੰ ਬਲੌਕ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ।  ਜਾਣਕਾਰੀ ਅਨੁਸਾਰ  ਯੂ-ਟਿਊਬ ਵੀਡੀਓਜ਼ ਦੇ ਨਾਲ ਕੇਂਦਰ ਨੇ ਟਵਿੱਟਰ ਨੂੰ ਸਬੰਧਤ ਯੂ-ਟਿਊਬ ਵੀਡੀਓਜ਼ ਦੇ ਲਿੰਕ ਵਾਲੇ 50 ਤੋਂ ਵੱਧ ਟਵੀਟਸ ਨੂੰ ਬਲੌਕ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।

ਦਰਅਸਲ ਬੀਬੀਸੀ ਨੇ ''ਇੰਡੀਆ: ਦਿ ਮੋਦੀ ਕੁਐਸਚਨ'' ਨਾਮ ਦੀ ਇੱਕ ਡਾਕੂਮੈਂਟਰੀ ਬਣਾਈ ਹੈ, ਜਿਸ ਦੇ ਪਹਿਲੇ ਐਪੀਸੋਡ ਦੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ। ਖਬਰਾਂ ਮੁਤਾਬਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਯੂਟਿਊਬ ਅਤੇ ਟਵਿਟਰ ਨੂੰ ਵੀਡੀਓ ਨੂੰ ਬਲੌਕ ਕਰਨ ਦਾ ਹੁਕਮ ਦਿੱਤਾ ਹੈ।

ਇਸ ਵੀਡੀਓ ਨੂੰ ਲੈ ਕੇ ਕਰੀਬ 50 ਟਵੀਟ ਕੀਤੇ ਗਏ ਹਨ, ਉਨ੍ਹਾਂ ਨੂੰ ਬਲਾਕ ਵੀ ਕਰ ਦਿੱਤਾ ਗਿਆ ਹੈ। ਇਹ ਹੁਕਮ ਆਈਟੀ ਨਿਯਮ 2021 ਦੀਆਂ ਐਮਰਜੈਂਸੀ ਸ਼ਕਤੀਆਂ ਤਹਿਤ ਦਿੱਤਾ ਗਿਆ ਹੈ। ਇਹ ਦਸਤਾਵੇਜ਼ੀ ਫਿਲਮ 2002 ਦੇ ਗੁਜਰਾਤ ਦੰਗਿਆਂ 'ਤੇ ਆਧਾਰਿਤ ਹੈ। ਇਸ ਵਾਇਰਲ ਵੀਡੀਓ ਨੂੰ ਪੀਐਮ ਮੋਦੀ ਦੇ ਖਿਲਾਫ ਪ੍ਰਾਪੇਗੰਡਾ ਦੱਸਿਆ ਗਿਆ ਹੈ।

ਵਾਇਰਲ ਹੋ ਰਹੀ ਵੀਡੀਓ 'ਤੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਪੱਖਪਾਤ ਅਤੇ ਬਾਹਰਮੁਖੀਤਾ ਦੀ ਘਾਟ ਅਤੇ ਲਗਾਤਾਰ ਜਾਰੀ ਬਸਤੀਵਾਦੀ ਮਾਨਸਿਕਤਾ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ। ਉਂਝ ਤੁਹਾਨੂੰ ਦੱਸ ਦੇਈਏ ਕਿ ਬੀਬੀਸੀ ਦੀ ਇਹ ਡਾਕੂਮੈਂਟਰੀ ਭਾਰਤ ਵਿੱਚ ਰਿਲੀਜ਼ ਨਹੀਂ ਹੋਈ ਹੈ।

ਗ੍ਰਹਿ ਅਤੇ ਵਿਦੇਸ਼ ਸਮੇਤ ਕਈ ਮੰਤਰਾਲਿਆਂ ਦੇ ਅਧਿਕਾਰੀਆਂ ਨੇ ਦਸਤਾਵੇਜ਼ੀ ਫਿਲਮ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ ਅਤੇ ਪਾਇਆ ਹੈ ਕਿ ਇਹ ਸੁਪਰੀਮ ਕੋਰਟ ਦੇ ਅਧਿਕਾਰ ਅਤੇ ਭਰੋਸੇਯੋਗਤਾ 'ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਹੈ, ਭਾਰਤ ਵਿੱਚ ਭਾਈਚਾਰਿਆਂ ਵਿੱਚ ਵੰਡੀਆਂ ਬੀਜਣ ਅਤੇ ਕਾਰਵਾਈਆਂ 'ਤੇ ਬੇਬੁਨਿਆਦ ਦੋਸ਼ ਲਗਾਉਣ ਦੀ ਕੋਸ਼ਿਸ਼ ਹੈ।