Afghanistan plane crash: ਅਫ਼ਗਾਨਿਸਤਾਨ 'ਚ ਕ੍ਰੈਸ਼ ਹੋਇਆ ਜਹਾਜ਼ ਭਾਰਤ ਦਾ ਨਹੀਂ ਸੀ : ਨਾਗਰਿਕ ਹਵਾਬਾਜ਼ੀ ਮੰਤਰਾਲਾ
ਅਫ਼ਗਾਨਿਸਤਾਨ ਦੇ ਸਥਾਨਕ ਮੀਡੀਆ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਹਾਦਸਾਗ੍ਰਸਤ ਯਾਤਰੀ ਜਹਾਜ਼ ਨੇ ਦਿੱਲੀ ਤੋਂ ਮਾਸਕੋ ਲਈ ਉਡਾਣ ਭਰੀ ਸੀ
Afghanistan plane crash: ਅਫ਼ਗਾਨਿਸਤਾਨ ਵਿਚ ਸ਼ਨਿਚਰਵਾਰ ਰਾਤ ਇਕ ਭਾਰਤੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀਆਂ ਖ਼ਬਰਾਂ ਵਿਚਕਾਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਗੁਆਂਢੀ ਦੇਸ਼ ਵਿਚ ਹਾਦਸਾਗ੍ਰਸਤ ਹੋਇਆ ਜਹਾਜ਼ ਭਾਰਤ ਦਾ ਨਹੀਂ ਸੀ।
ਦਰਅਸਲ ਅਫ਼ਗਾਨਿਸਤਾਨ ਦੇ ਸਥਾਨਕ ਮੀਡੀਆ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਹਾਦਸਾਗ੍ਰਸਤ ਯਾਤਰੀ ਜਹਾਜ਼ ਨੇ ਦਿੱਲੀ ਤੋਂ ਮਾਸਕੋ ਲਈ ਉਡਾਣ ਭਰੀ ਸੀ। ਮੰਤਰਾਲੇ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, " ਅਫ਼ਗਾਨਿਸਤਾਨ ਵਿਚ ਦਰਦਨਾਕ ਜਹਾਜ਼ ਹਾਦਸੇ ਦਾ ਭਾਰਤ ਦੇ ਕਿਸੇ ਵੀ ਅਨੁਸੂਚਿਤ ਜਹਾਜ਼ ਜਾਂ ਗੈਰ-ਅਨੁਸੂਚਿਤ/ਚਾਰਟਰ ਜਹਾਜ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਮੋਰੱਕੋ ਦੀ ਰਜਿਸਟ੍ਰੇਸ਼ਨ ਵਾਲਾ ਛੋਟਾ ਜਹਾਜ਼ ਸੀ। ਵੇਰਵਿਆਂ ਦੀ ਉਡੀਕ ਹੈ”।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਅਫ਼ਗਾਨਿਸਤਾਨ ਹਾਦਸੇ 'ਚ ਮੋਰੱਕੋ ਦਾ ਰਜਿਸਟਰਡ DF-10 ਜਹਾਜ਼ ਸ਼ਾਮਲ ਸੀ। ਅਫਗਾਨਿਸਤਾਨ ਦੇ ਇਕ ਦੂਰ-ਦੁਰਾਡੇ ਪੇਂਡੂ ਇਲਾਕੇ ਵਿਚ ਛੇ ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਰੂਸੀ ਨਿੱਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਚਾਰਟਰ ਐਂਬੂਲੈਂਸ ਜਹਾਜ਼ ਰਾਹੀਂ ਭਾਰਤ ਦੇ ਗਯਾ ਤੋਂ ਉਜ਼ਬੇਕਿਸਤਾਨ ਦੇ ਤਾਸ਼ਕੰਦ ਹੁੰਦੇ ਹੋਏ ਮਾਸਕੋ ਦੇ ਝੁਕੋਵਸਕੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਇਆ ਸੀ।
ਖੇਤਰੀ ਬੁਲਾਰੇ ਜ਼ਬੀਹੁੱਲਾ ਅਮੀਰੀ ਨੇ ਦਸਿਆ ਕਿ ਇਹ ਹਾਦਸਾ ਬਦਾਖਸ਼ਾਨ ਸੂਬੇ ਦੇ ਜ਼ਬਕ ਜ਼ਿਲ੍ਹੇ ਦੇ ਨੇੜੇ ਪਹਾੜੀ ਇਲਾਕੇ 'ਚ ਵਾਪਰਿਆ। ਇਕ ਬਚਾਅ ਟੀਮ ਨੂੰ ਇਲਾਕੇ ਵਿਚ ਭੇਜਿਆ ਗਿਆ ਹੈ। ਬਦਾਖਸ਼ਾਨ ਪੁਲਿਸ ਮੁਖੀ ਦੇ ਦਫਤਰ ਨੇ ਵੀ ਇਕ ਬਿਆਨ ਵਿਚ ਹਾਦਸੇ ਦੀ ਖ਼ਬਰ ਦੀ ਪੁਸ਼ਟੀ ਕੀਤੀ। ਮਾਸਕੋ ਵਿਚ ਰੂਸ ਦੇ ਸ਼ਹਿਰੀ ਹਵਾਬਾਜ਼ੀ ਅਧਿਕਾਰੀਆਂ ਨੇ ਕਿਹਾ ਕਿ ਦਸਾਲਟ ਫਾਲਕਨ 10 ਲਾਪਤਾ ਹੈ, ਜਿਸ ਵਿਚ ਚਾਲਕ ਦਲ ਦੇ ਚਾਰ ਮੈਂਬਰ ਅਤੇ ਦੋ ਯਾਤਰੀ ਸਵਾਰ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਦਾ ਰਾਡਾਰ ਨਾਲ ਸੰਪਰਕ ਟੁੱਟ ਗਿਆ। ਰੂਸੀ ਅਧਿਕਾਰੀਆਂ ਨੇ ਦਸਿਆ ਕਿ ਜਹਾਜ਼ ਐਥਲੈਟਿਕ ਗਰੁੱਪ ਐਲਐਲਸੀ ਦਾ ਸੀ। ਹਾਲਾਂਕਿ ਤਾਲਿਬਾਨ ਨੇ ਇਕ ਵੱਖਰੇ ਬਿਆਨ 'ਚ ਜਹਾਜ਼ ਨੂੰ ਮੋਰੱਕੋ ਦੀ ਇਕ ਕੰਪਨੀ ਦੀ ਮਲਕੀਅਤ ਦਸਿਆ ਹੈ। ਅਫਗਾਨਿਸਤਾਨ 2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਉਡਾਣਾਂ ਤੋਂ ਪਰਹੇਜ਼ ਕਰ ਰਿਹਾ ਹੈ।
(For more Punjabi news apart from Plane that crashed in Afghanistan not Indian, Aviation ministry, stay tuned to Rozana Spokesman)