Bihar News: ਰਾਹੁਲ ਗਾਂਧੀ ਦਾ ਭਾਸ਼ਣ ਸੁਣ ਕੇ ਹੱਥ ’ਚੋਂ ਡਿੱਗੀ ਦੁੱਧ ਦੀ ਬਾਲਟੀ, ਵਿਅਕਤੀ ਪਹੁੰਚਿਆ ਅਦਾਲਤ
Bihar News: ਰਾਹੁਲ ਗਾਂਧੀ ਦੀ ‘ਇੰਡੀਅਨ ਸਟੇਟ ਵਿਰੁਧ ਲੜਾਈ’ ਵਾਲੀ ਟਿਪਣੀ ਸੁਣ ਕੇ ਲੱਗਿਆ ਝਟਕਾ
Bihar News: ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਸਥਾਨਕ ਅਦਾਲਤ ਵਿਚ ਕੇਸ ਦਾਇਰ ਕਰ ਕੇ ਦੋਸ਼ ਲਗਾਇਆ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਕਾਰਨ ਉਸ ਦੀ ਦੁੱਧ ਦੀ ਬਾਲਟੀ ਡਿੱਗ ਗਈ, ਜਿਸ ਕਾਰਨ ਉਸ ਨੂੰ 250 ਰੁਪਏ ਦਾ ਨੁਕਸਾਨ ਹੋਇਆ ਸੀ। ਇਹ ਅਜੀਬ ਮਾਮਲਾ ਸਮਸਤੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਮੁਕੇਸ਼ ਚੌਧਰੀ ਵਲੋਂ ਸਥਾਨਕ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ ਅਤੇ ਉਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਹਫ਼ਤੇ ਰਾਹੁਲ ਗਾਂਧੀ ਵਲੋਂ ‘ਇੰਡੀਅਨ ਸਟੇਟ ਵਿਰੁਧ ਲੜਾਈ’ ਵਾਲੀ ਟਿਪਣੀ ਸੁਣ ਕੇ ਉਸ ਨੂੰ ਝਟਕਾ ਲੱਗਿਆ ਹੈ।
ਚੌਧਰੀ ਨੇ ਦੋਸ਼ ਲਾਇਆ, ‘ਮੈਂ ਇੰਨੇ ਸਦਮੇ ’ਚ ਸੀ ਕਿ 50 ਰੁਪਏ ਪ੍ਰਤੀ ਲੀਟਰ ਦੀ ਕੀਮਤ ਵਾਲੀ ਪੰਜ ਲੀਟਰ ਦੁੱਧ ਨਾਲ ਭਰੀ ਮੇਰੀ ਬਾਲਟੀ ਮੇਰੇ ਹੱਥੋਂ ਖਿਸਕ ਗਈ। ਰਾਹੁਲ ਗਾਂਧੀ ਦੇਸ਼ ਦੀ ਪ੍ਰਭੂਸੱਤਾ ਨੂੰ ਖ਼ਤਰੇ ਵਿਚ ਪਾ ਰਹੇ ਹਨ।’’ ਜ਼ਿਲ੍ਹੇ ਦੇ ਪਿੰਡ ਸੋਨੂਪੁਰ ਦੇ ਵਸਨੀਕ ਨੇ ਮੀਡੀਆ ਨੂੰ ਰੋਸਡਾ ਸਬ-ਡਵੀਜ਼ਨਲ ਸਿਵਲ ਕੋਰਟ ਵਿਚ ਦਾਇਰ ਅਪਣੀ ਪਟੀਸ਼ਨ ਦੀ ਇਕ ਕਾਪੀ ਵੀ ਦਿਖਾਈ, ਜਿਸ ਵਿਚ ਮੰਗ ਕੀਤੀ ਗਈ ਸੀ ਕਿ ਗਾਂਧੀ ਵਿਰੁਧ ਦੇਸ਼ਧ੍ਰੋਹ ਸਮੇਤ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਚਲਾਇਆ ਜਾਵੇ। ਇਹ ਨਹੀਂ ਪਤਾ ਹੈ ਕਿ ਅਦਾਲਤ ਨੇ ਪਟੀਸ਼ਨ ਸਵੀਕਾਰ ਕੀਤੀ ਹੈ ਜਾਂ ਨਹੀਂ।
ਰਾਹੁਲ ਗਾਂਧੀ ਨੇ 15 ਜਨਵਰੀ ਨੂੰ ਦਿੱਲੀ ਦੇ ਇੰਦਰਾ ਭਵਨ ਸਥਿਤ ਕਾਂਗਰਸ ਹੈੱਡਕੁਆਰਟਰ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨੇ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ’ਤੇ ਕਬਜ਼ਾ ਕਰ ਲਿਆ ਹੈ, ਇਸ ਲਈ ਹੁਣ ਕਾਂਗਰਸ ਦੀ ਲੜਾਈ ਸਿਰਫ਼ ਭਾਜਪਾ ਅਤੇ ਆਰ.ਐਸ.ਐਸ ਦੇ ਖ਼ਿਲਾਫ਼ ਨਹੀਂ ਹੈ, ਸਗੋਂ ‘ਇੰਡੀਅਨ ਸਟੇਟ’ ਵਿਰੁਧ ਵੀ ਹੈ।