NASA ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਹੋਏ ਸੇਵਾਮੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

27 ਸਾਲ ਦੀ ਸੇਵਾ ਦੌਰਾਨ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਤਿੰਨ ਮਿਸ਼ਨ ਕੀਤੇ ਪੂਰੇ

NASA's Indian-origin astronaut Sunita Williams retires

ਨਵੀਂ ਦਿੱਲੀ: ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਏਜੰਸੀ ਤੋਂ ਸੇਵਾਮੁਕਤ ਹੋ ਗਏ ਹਨ। ਸੁਨੀਤਾ ਨੇ 27 ਸਾਲ ਦੇ ਅਪਣੇ ਸ਼ਾਨਦਾਰ ਕਰੀਅਰ ਦੌਰਾਨ ਕੌਮਾਂਤਰੀ ਪੁਲਾੜ ਸਟੇਸ਼ਨ ਉਤੇ ਤਿੰਨ ਮਿਸ਼ਨ ਪੂਰੇ ਕੀਤੇ ਅਤੇ ਮਨੁੱਖੀ ਪੁਲਾੜ ਉਡਾਨ ਦੇ ਕਈ ਰੀਕਾਰਡ ਵੀ ਬਣਾਏ।

ਵਿਲੀਅਮਜ਼ (60) ਇਸ ਸਮੇਂ ਭਾਰਤ ਦੇ ਦੌਰੇ ’ਤੇ ਹਨ। ਉਨ੍ਹਾਂ ਨੇ ਮੰਗਲਵਾਰ ਦੁਪਹਿਰ ਨੂੰ ਇਥੇ ਅਮਰੀਕੀ ਕੇਂਦਰ ’ਚ ਕਰਵਾਏ ਇਕ ਸੰਵਾਦ ਸੈਸ਼ਨ ’ਚ ਹਿੱਸਾ ਲਿਆ ਸੀ। ਇਸ ਪ੍ਰੋਗਰਾਮ ਵਾਲੀ ਥਾਂ ਉਤੇ ‘ਨਜ਼ਰ ਸਿਤਾਰਿਆਂ ਉਤੇ, ਪੈਰ ਜ਼ਮੀਨ ’ਤੇ’ ਸਿਰਲੇਖ ਵਾਲੇ ਪੋਸਟਰ ਲਗਾਏ ਗਏ ਸਨ ਜਿਨ੍ਹਾਂ ’ਚ ਵਿਲੀਅਮਜ਼ ਨੂੰ ‘ਨਾਸਾ ਦੀ ਸੇਵਾਮੁਕਤ ਪੁਲਾੜ ਯਾਤਰੀ ਅਤੇ ਅਮਰੀਕੀ ਸਮੁੰਦਰੀ ਫ਼ੌਜ ਦੀ ਸੇਵਾਮੁਕਤ ਕਪਤਾਨ’ ਦੇ ਰੂਪ ’ਚ ਦਸਿਆ ਗਿਆ ਸੀ।

ਉਨ੍ਹਾਂ ਸੰਵਾਦ ਦੌਰਾਨ ਉਸ ਸਮੇਂ ਦੇ ਅਪਣੇ ਤਜਰਬੇ ਨੂੰ ਵੀ ਸਾਂਝਾ ਕੀਤਾ ਜਦੋਂ ਉਹ ਪੁਲਾੜ ’ਚ ਫਸ ਗਏ ਸਨ। ਕੌਮਾਂਤਰੀ ਪੁਲਾੜ ਸਟੇਸ਼ਨ (ਆਈ.ਐਸ.ਐਸ.) ਲਈ ਅੱਠ ਦਿਨਾਂ ਦੇ ਮਿਸ਼ਨ ਵਿਲੀਅਮਜ਼ ਦੇ ਜੀਵਨ ਦੀ ਸਭ ਤੋਂ ਵੱਡੀ ਚੁਨੌਤੀ ਬਣ ਗਿਆ ਸੀ ਕਿਉਂਕਿ ਉਨ੍ਹਾਂ ਦੀ ਬੋਇੰਗ ਪੁਲਾੜ ਉਡਾਨ ’ਚ ਸਮੱਸਿਆਵਾਂ ਪੈਦਾ ਹੋ ਗਈਆਂ ਸਨ। ਇਸ ਕਾਰਨ ਪੁਲਾੜ ’ਚ ਉਸ ਦਾ ਪ੍ਰਵਾਸ 9 ਮਹੀਨੇ ਤੋਂ ਵੀ ਲੰਮਾ ਖਿੱਚ ਗਿਆ ਸੀ।

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ 20 ਜਨਵਰੀ ਤੋਂ ਜਾਰੀ ਬਿਆਨ ’ਚ ਕਿਹਾ, ‘‘27 ਸਾਲ ਦੀ ਸੇਵਾ ਤੋਂ ਬਾਅਦ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਏਜੰਸੀ ਤੋਂ ਸੇਵਾਮੁਕਤ ਹੋ ਗਏ ਅਤੇ ਉਨ੍ਹਾਂ ਦੀ ਸੇਵਾਮੁਕਤ 27 ਦਸੰਬਰ, 2025 ਤੋਂ ਅਮਲ ’ਚ ਆ ਗਈ। ਵਿਲੀਅਮਜ਼ ਨੇ ਕੌਮਾਂਤਰੀ ਪੁਲਾੜ ਸਟੇ਼ਸਨ ’ਤੇ ਤਿੰਨ ਮਿਸ਼ਨ ਪੂਰੇ ਕੀਤੇ ਅਤੇ ਅਪਣੇ ਕਰੀਅਰ ਦੌਰਾਨ ਮਨੁੱਖੀ ਪੁਲਾੜ ਉਡਾਨ ਦੇ ਕਈ ਰੀਕਾਰਡ ਬਣਾਏ।’’

ਅਮਰੀਕੀ ਸਮੁੰਦਰੀ ਫ਼ੌਜ ਦੀ ਸਾਬਕਾ ਕੈਪਟਨ ਵਿਲੀਅਮਜ਼ ਦਾ ਜਨਮ 19 ਸਤੰਬਰ, 1965 ਨੂੰ ਅਮਰੀਕਾ ਦੇ ਓਹਾਇਉ ਦੇ ਯੂਕਲਿਡ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦੀਪਕ ਪਾਂਡਿਆ ਗੁਜਰਾਤੀ ਸਨ ਅਤੇ ਮੇਹਸਾਣਾ ਜ਼ਿਲ੍ਹੇ ਦੇ ਝੁਲਾਸਣ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਮਾਂ ਉਰਸੁਲਿਨ ਬੋਨੀ ਪਾਂਡਿਆ ਸਲੋਵੇਨਿਆ ਦੀ ਸਨ।