ਸ੍ਰੀ ਹਜ਼ੂਰ ਸਾਹਿਬ ਲਈ ਅੰਮ੍ਰਿਤਸਰ, ਚੰਡੀਗੜ੍ਹ ਤੇ ਦਿੱਲੀ ਤੋਂ ਵਿਸ਼ੇਸ਼ ਰੇਲਗੱਡੀਆਂ ਚੱਲਣਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

24 ਤੇ 25 ਜਨਵਰੀ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਵਿਸ਼ਾਲ ਪੱਧਰ ‘ਤੇ ਮਨਾਏ ਜਾ ਰਹੇ ਸਮਾਗਮ

Special trains will run from Amritsar, Chandigarh and Delhi to Sri Hazur Sahib

ਨਾਂਦੇੜ: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ (ਸਰਪ੍ਰਸਤ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ) ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ  ਸੰਤ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ ‘ਹਿੰਦ ਦੀ ਚਾਦਰ’ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 24 ਤੇ 25 ਜਨਵਰੀ  ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਵਿਸ਼ਾਲ ਪੱਧਰ ‘ਤੇ ਮਨਾਏ ਜਾ ਰਹੇ ਦੋ ਦਿਨਾਂ ਸ਼ਤਾਬਦੀ ਸਮਾਗਮਾਂ ਲਈ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਖਾਸ ਉਪਰਾਲੇ ਕੀਤੇ ਗਏ ਹਨ ,ਜਿਸ ਤੋਂ ਬਾਅਦ ਉੱਤਰੀ ਰੇਲਵੇ ਚੰਡੀਗੜ੍ਹ-ਨਾਂਦੇੜ-ਚੰਡੀਗੜ੍ਹ, ਹਜ਼ਰਤ ਨਿਜ਼ਾਮੂਦੀਨ-ਨਾਂਦੇੜ-ਹਜ਼ਰਤ ਨਿਜ਼ਾਮੂਦੀਨ ਤੇ ਅੰਮ੍ਰਿਤਸਰ-ਚੇਰਲਾਪੱਲੀ(ਨਾਂਦੇੜ)-ਅੰਮ੍ਰਿਤਸਰ ਰੂਟ ‘ਤੇ ਆਉਣ-ਜਾਣ ਲਈ ਸੰਗਤਾਂ ਦੀ ਸਹੂਲਤ ਲਈ 6 ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੰਗਤਾਂ ਦੇ ਹਵਾਈ ਸਫਰ ਲਈ ਫਲਾਈਟਾਂ ‘ਚ ਵੀ ਵਾਧਾ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।

ਦੱਖਣੀ ਕੇਂਦਰੀ ਰੇਲਵੇ ਨਾਂਦੇੜ ਡਿਵੀਜ਼ਨ ਤੋਂ ਜਾਰੀ ਸੂਚੀ ਅਨੁਸਾਰ ਪਹਿਲੀ ਸਪੈਸ਼ਲ ਟ੍ਰੇਨ (04642,ਅੰਮ੍ਰਿਤਸਰ ਚੇਰਲਾਪੱਲੀ) 23 ਤੇ 24 ਜਨਵਰੀ ਨੂੰ ਸਵੇਰੇ 03.35 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਤੇ ਤੀਜੇ ਦਿਨ ਸਵੇਰੇ 03.30 ਵਜੇ ਚੇਰਲਾਪੱਲੀ (ਨਾਂਦੇੜ) ਪਹੁੰਚੇਗੀ, ਜਦਕਿ ਦੂਜੀ ਸਪੈਸ਼ਲ ਟ੍ਰੇਨ (04641,ਚੇਰਲਾਪੱਲੀ-ਅੰਮ੍ਰਿਤਸਰ) 25 ਤੇ 26 ਜਨਵਰੀ ਨੂੰ ਚੇਰਲਾਪੱਲੀ (ਨਾਂਦੇੜ) ਤੋਂ ਦੁਪਹਿਰ 03.40 ਵਜੇ ਚੱਲ ਕੇ ਤੀਜੇ ਦਿਨ 03.10 ਵਜੇ ਅੰਮ੍ਰਿਤਸਰ ਪਹੁੰਚੇਗੀ।

ਤੀਜੀ ਸਪੈਸ਼ਲ ਟ੍ਰੇਨ (04524, ਚੰਡੀਗੜ੍ਹ-ਹਜ਼ੂਰ ਸਾਹਿਬ ਨਾਂਦੇੜ) 23 ਤੇ 24 ਜਨਵਰੀ ਨੂੰ ਸਵੇਰੇ 05.40 ਵਜੇ ਚੰੜੀਗੜ੍ਹ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਦੁਪਹਿਰ 01.30 ਵਜੇ ਹਜ਼ੂਰ ਸਾਹਿਬ ਨਾਂਦੇੜ ਪਹੁੰਚੇਗੀ, ਜਦਕਿ ਚੌਥੀ ਸਪੈਸ਼ਲ ਟ੍ਰੇਨ (04523, ਹਜ਼ੂਰ ਸਾਹਿਬ ਨਾਂਦੇੜ-ਚੰਡੀਗੜ੍ਹ) 25 ਤੇ 26 ਜਨਵਰੀ ਨੂੰ ਰਾਤ 9.00 ਵਜੇ ਹਜ਼ੂਰ ਸਾਹਿਬ ਨਾਂਦੇੜ ਤੋਂ ਚੱਲ ਕੇ ਤੀਜੇ ਦਿਨ ਸਵੇਰੇ 08.00 ਵਜੇ ਉਸੇ ਰੂਟ ’ਤੇ ਚੰਡੀਗੜ੍ਹ ਪਹੁੰਚੇਗੀ।

ਪੰਜਵੀਂ ਸਪੈਸ਼ਲ ਟ੍ਰੇਨ (04494,ਹਜ਼ਰਤ ਨਿਜ਼ਾਮੂਦੀਨ-ਹਜ਼ੂਰ ਸਾਹਿਬ ਨਾਂਦੇੜ) 23 ਤੇ 24 ਜਨਵਰੀ ਨੂੰ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ਤੋਂ ਦੁਪਹਿਰ 12.30 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸ਼ਾਮ 4.20 ਵਜੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪਹੁੰਚੇਗੀ, ਜਦਕਿ ਵਾਪਸੀ ਲਈ ਛੇਵੀਂ ਸਪੈਸ਼ਲ ਟ੍ਰੇਨ (04493, ਹਜ਼ੂਰ ਸਾਹਿਬ ਨਾਂਦੇੜ-ਹਜ਼ਰਤ ਨਿਜ਼ਾਮੂਦੀਨ) 24 ਤੇ 25 ਜਨਵਰੀ ਨੂੰ ਰਾਤ 08.10 ਵਜੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਚੱਲ ਕੇ ਅਗਲੇ ਦਿਨ ਰਾਤ 11.20 ਵਜੇ ਵਾਪਸ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ।      

ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸੰਤ ਬਾਬਾ ਹਰਨਾਮ ਸਿੰਘ (ਮੁਖੀ ਦਮਦਮੀ ਟਕਸਾਲ) ਤੇ ਮੁੱਖ ਮੰਤਰੀ ਮਹਾਰਾਸ਼ਟਰਾ ਰਾਹਤ ਫੰਡ ਦੇ ਇੰਚਾਰਜ ਸ੍ਰੀ ਰਾਮੇਸ਼ਵਰ ਨਾਇਕ, ਭਾਈ ਜਸਪਾਲ ਸਿੰਘ ਸਿੱਧੂ ਚੇਅਰਮੈਨ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਤੇ ਚਰਨਦੀਪ ਸਿੰਘ ਹੈਪੀ ਮੈਂਬਰ ਮਨਓਰਟੀ ਕਮਿਸ਼ਨ ਮਹਾਰਾਸ਼ਟਰ ਸਰਕਾਰ ਨੇ ਸੰਗਤਾਂ ਦੀ ਵੱਡੀ ਸਹੂਲਤ ਲਈ ਮੁੱਖ ਮੰਤਰੀ ਦਵਿੰਦਰ ਫੜਨਵੀਸ ਤੇ ਰੇਲਵੇ ਵਿਭਾਗ ਵਲੋਂ ਉਕਤ ਸਪੈਸ਼ਲ ਟ੍ਰੇਨਾਂ ਚਲਾਏ ਜਾਣ ਦੇ ਫੈਸਲੇ ਦਾ ਨਿੱਘਾ ਸਵਾਗਤ ਕਰਦਿਆਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ 24-25 ਜਨਵਰੀ ਨੂੰ ਵੱਡੀ ਗਿਣਤੀ ‘ਚ ਹੁੰਮ ਹੁੰਮਾ ਕੇ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ 2 ਰੋਜ਼ਾ ਸ਼ਤਾਬਦੀ ਸਮਾਗਮਾਂ ’ਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।