ਐਨ.ਡੀ.ਏ. ਸਰਕਾਰ ਨੇ ਮੇਰੇ 'ਤੇ 'ਗੁਪਤ ਕਤਲ' ਜਾਰੀ ਰੱਖਣ ਦਾ ਦਬਾਅ ਬਣਾਇਆ : ਸਾਬਕਾ ਮੁੱਖ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਰੁਣ ਗੋਗੋਈ ਨੇ ਕਿਹਾ ਕਿ ਕੇ.ਪੀ.ਐਸ. ਗਿੱਲ ਨੂੰ ਆਸਾਮ ਦਾ ਰਾਜਪਾਲ ਬਣਾਉਣਾ ਚਾਹੁੰਦੇ ਸਨ ਐਲ.ਕੇ. ਅਡਵਾਨੀ

Tarun Gogoi

ਗੁਹਾਟੀ, 20 ਫ਼ਰਵਰੀ: ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਦੀ ਪਿਛਲੀ ਐਨ.ਡੀ.ਏ. ਸਰਕਾਰ ਨੇ ਉਨ੍ਹਾਂ 'ਤੇ 'ਗੁਪਤ ਕਤਲ' ਜਾਰੀ ਰੱਖਣ ਦਾ ਦਬਾਅ ਬਣਾਇਆ ਸੀ ਜੋ ਉਨ੍ਹਾਂ ਤੋਂ ਪਿਛਲੀ ਪ੍ਰਫ਼ੁੱਲ ਕੁਮਾਰ ਮਹੰਤ ਦੀ ਸਰਕਾਰ ਦੌਰਾਨ 'ਜ਼ੋਰਾਂ-ਸ਼ੋਰਾਂ' ਨਾਲ ਜਾਰੀ ਸੀ। ਹਾਲਾਂਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਹੈ ਅਤੇ ਕਾਂਗਰਸ ਦੇ ਸੀਨੀਅਰ ਆਗੂ ਗੋਗੋਈ 'ਤੇ 'ਵੰਡਪਾਊ ਸਿਆਸਤ' ਕਰਨ ਦੇ ਦੋਸ਼ ਲਾਏ ਹਨ। ਖ਼ੁਦ ਮਹੰਤ ਨੇ ਕਿਹਾ ਹੈ ਕਿ ਅਸਲ 'ਚ ਗੁਪਤ ਕਤਲਾਂ ਦਾ ਦੌਰ ਸੂਬੇ 'ਚ ਕਾਂਗਰਸ ਦੇ ਰਾਜ ਦੌਰਾਨ ਸ਼ੁਰੂ ਹੋਇਆ ਸੀ। 

ਸਾਲ 2001 ਤੋਂ 2016 ਤਕ ਸੂਬੇ ਦੇ ਮੁੱਖ ਮੰਤਰੀ ਰਹੇ ਗੋਗੋਈ ਨੇ ਦਾਅਵਾ ਕੀਤਾ ਕਿ ਤਤਕਾਲੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਪੂਰਬ-ਉੱਤਰ 'ਚ ਅਤਿਵਾਦ ਨੂੰ ਖ਼ਤਮ ਕਰਨ ਲਈ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਨੂੰ ਆਸਾਮ ਦਾ ਰਾਜਪਾਲ ਲਾਉਣਾ ਚਾਹੁੰਦੇ ਸਨ। ਪੰਜਾਬ 'ਚ ਅਤਿਵਾਦ ਨੂੰ ਦਰੜਨ ਦਾ ਸਿਹਰਾ ਗਿੱਲ ਨੂੰ ਦਿਤਾ ਜਾਂਦਾ ਹੈ। ਗੋਗੋਈ ਨੇ ਕਿਹਾ, ''ਸਾਡੇ 'ਤੇ ਗੁਪਤ ਕਤਲ ਜਾਰੀ ਰੱਖਣ ਦਾ ਦਬਾਅ ਸੀ। ਪਰ ਅਸੀਂ ਅਜਿਹਾ ਨਾਂ ਕੀਤਾ।

ਜਦੋਂ ਮੈਂ 2001 'ਚ ਮੁੱਖ ਮੰਤਰੀ ਬਣਿਆ ਤਾਂ ਭਾਜਪਾ ਚਾਹੁੰਦੀ ਸੀ ਕਿ ਗੁਪਤ ਕਤਲ ਜਾਰੀ ਰਹਿਣ ਅਤੇ ਅਡਵਾਨੀ ਚਾਹੁੰਦੇ ਸਨ ਕਿ ਇਸ ਲਈ ਕੇ.ਪੀ.ਐਸ. ਗਿੱਲ ਨੂੰ ਰਾਜਪਾਲ ਵਜੋਂ ਭੇਜਿਆ ਜਾਵੇ।'' ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੇ ਦਬਾਅ ਕਰ ਕੇ ਗਿੱਲ ਨੂੰ ਪੂਰਬ-ਉਤਰ ਸੂਬੇ 'ਚ ਨਹੀਂ ਭੇਜਿਆ ਗਿਆ। ਗੋਗੋਈ 1990 ਦੇ ਦਹਾਕੇ 'ਚ ਨਕਾਬਪੋਸ਼ ਲੋਕਾਂ ਵਲੋਂ ਸ਼ੱਕੀ ਉਲਫ਼ਾ ਅਤਿਵਾਦੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਕਤਲ ਦਾ ਜ਼ਿਕਰ ਕਰ ਰਹੇ ਸਨ।  (ਪੀਟੀਆਈ)