ਹਰ ਮਹੀਨੇ ਵਿਦੇਸ਼ ਯਾਤਰਾ 'ਤੇ ਇੱਕ ਅਰਬ ਡਾਲਰ ਖ਼ਰਚ ਕਰਦੇ ਹਨ ਭਾਰਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਵਿਡ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਬਹੁਤ ਜ਼ਿਆਦਾ ਹੈ ਮੌਜੂਦਾ ਅੰਕੜਾ 

Representative Image

 

ਨਵੀਂ ਦਿੱਲੀ - ਭਾਰਤੀ ਹਰ ਮਹੀਨੇ ਵਿਦੇਸ਼ ਯਾਤਰਾ 'ਤੇ ਇੱਕ ਅਰਬ ਡਾਲਰ ਤੋਂ ਵੱਧ ਖ਼ਰਚ ਕਰ ਰਹੇ ਹਨ। ਇਹ ਅੰਕੜਾ ਕੋਵਿਡ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਬਹੁਤ ਜ਼ਿਆਦਾ ਹੈ।

ਭਾਰਤ ਵਾਸੀਆਂ ਨੇ ਯਾਤਰਾ ਲਈ ਲਿਬਰਲਾਈਜ਼ਡ ਰੈਮੀਟੈਂਸ ਸਕੀਮ ਤਹਿਤ ਵਿੱਤੀ ਸਾਲ 2022-23 ਵਿੱਚ ਅਪ੍ਰੈਲ-ਦਸੰਬਰ ਦੌਰਾਨ 9.95 ਅਰਬ ਡਾਲਰ ਬਾਹਰ ਭੇਜੇ।

ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ, 2021-22 ਦੀ ਇਸੇ ਮਿਆਦ ਵਿੱਚ ਇਹ ਖਰਚ 4.16 ਅਰਬ ਡਾਲਰ ਸੀ। ਕੋਵਿਡ ਮਹਾਮਾਰੀ ਤੋਂ ਪਹਿਲਾਂ 2019-20 ਦੀ ਇਸੇ ਮਿਆਦ 'ਚ ਇਹ ਅੰਕੜਾ 5.4 ਅਰਬ ਡਾਲਰ ਸੀ। ਪੂਰੇ ਵਿੱਤੀ ਸਾਲ 2021-22 'ਚ ਇਸ ਵਿਸ਼ੇ 'ਤੇ ਸੱਤ ਅਰਬ ਡਾਲਰ ਖ਼ਰਚ ਹੋਏ। 

ਵੀ3 ਆਨਲਾਈਨ ਦੇ ਹਿੱਸੇਦਾਰ ਸਪਨ ਗੁਪਤਾ ਨੇ ਕਿਹਾ, "ਭਾਰਤੀ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਦੁਨੀਆ ਭਰ ਦੀ ਯਾਤਰਾ ਕਰ ਰਹੇ ਹਨ। ਵੀਅਤਨਾਮ, ਥਾਈਲੈਂਡ, ਯੂਰਪ ਅਤੇ ਬਾਲੀ ਭਾਰਤੀਆਂ ਦੇ ਪ੍ਰਮੁੱਖ ਪਸੰਦੀਦਾ ਸਥਾਨ ਹਨ।"

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਯੂਰਪ, ਇੰਡੋਨੇਸ਼ੀਆ, ਵੀਅਤਨਾਮ, ਥਾਈਲੈਂਡ ਅਤੇ ਦੁਬਈ ਵੀ ਭਾਰਤੀਆਂ ਦੀ ਪਸੰਦ ਵਿੱਚ ਸ਼ਾਮਲ ਹਨ।

ਇਸ ਦੌਰਾਨ, ਸਰਕਾਰ ਨੇ ਆਮ ਬਜਟ ਵਿੱਚ ਅਗਲੇ ਵਿੱਤੀ ਸਾਲ ਤੋਂ ਵਿਦੇਸ਼ੀ ਟੂਰ ਪੈਕੇਜਾਂ 'ਤੇ ਟੈਕਸ ਵਸੂਲੀ ਦੀ ਦਰ (ਟੀ.ਸੀ.ਐਸ.) ਮੌਜੂਦਾ ਪੰਜ ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰਨ ਦਾ ਪ੍ਰਸਤਾਵ ਕੀਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਭਾਰਤੀਆਂ ਦੀ ਵਿਦੇਸ਼ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ।