Bihar News: ਮਹਾਕੁੰਭ ਤੋਂ ਬਿਹਾਰ ਪਰਤਦੇ ਸਮੇਂ ਸੜਕ ਹਾਦਸੇ ’ਚ 6 ਲੋਕਾਂ ਦੀ ਮੌਤ
Bihar News:ਡਰਾਈਰ ਵਲੋਂ ਨੀਂਦ ਦੀ ਝਪਕੀ ਲੈਣ ਕਾਰਨ ਖੜੇ ਟਰੱਕ ’ਚ ਵੱਜੀ ਕਾਰ
Bihar News: ਬਿਹਾਰ ਦੇ ਭੋਜਪੁਰ ਵਿਚ ਇਕ ਸੜਕ ਹਾਦਸੇ ਵਿਚ ਮਹਾਕੁੰਭ ਤੋਂ ਪਰਤ ਰਹੇ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਪਰਵਾਰ ਦੇ ਚਾਰ ਲੋਕ (ਜੋੜਾ, ਪੁੱਤਰ ਅਤੇ ਭਤੀਜੀ) ਸ਼ਾਮਲ ਹਨ। ਇਹ ਘਟਨਾ ਸ਼ੁਕਰਵਾਰ ਸਵੇਰੇ ਪਟਨਾ ਤੋਂ 40 ਕਿਲੋਮੀਟਰ ਪੂਰਬ ’ਚ ਆਰਾ-ਮੋਹਨੀਆ ਨੈਸ਼ਨਲ ਹਾਈਵੇ ’ਤੇ ਦੁਲਹਨਗੰਜ ਬਾਜ਼ਾਰ ’ਚ ਸਥਿਤ ਪਟਰੌਲ ਪੰਪ ਦੇ ਕੋਲ ਵਾਪਰੀ। ਇੱਥੇ ਸੜਕ ਕਿਨਾਰੇ ਖੜੇ ਇਕ ਟਰੱਕ ਦੇ ਪਿੱਛੇ ਇਕ ਕਾਰ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਕਾਰ ਦਾ ਇਕ ਪਹੀਆ 20 ਫੁੱਟ ਦੂਰ ਪਿਆ ਮਿਲਿਆ। ਸਾਰੀਆਂ ਲਾਸ਼ਾਂ ਕਾਰ ਦੇ ਅੰਦਰ ਹੀ ਫਸ ਗਈਆਂ ਸਨ। ਕਾਫੀ ਮਿਹਨਤ ਤੋਂ ਬਾਅਦ ਸਾਰੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ। ਸਾਰੇ ਲੋਕ ਪਟਨਾ ਦੇ ਰਹਿਣ ਵਾਲੇ ਸਨ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਇਹ ਸਾਰੇ ਮਹਾਕੁੰਭ ਇਸ਼ਨਾਨ ਲਈ ਪਟਨਾ ਤੋਂ ਪ੍ਰਯਾਗਰਾਜ ਗਏ ਸਨ। ਕਾਰ ਨੂੰ ਮ੍ਰਿਤਕ ਦਾ ਲੜਕਾ ਚਲਾ ਰਿਹਾ ਸੀ। ਨੀਂਦ ਦੀ ਝਪਕੀ ਲੱਗਣ ਕਾਰਨ ਕਾਰ ਖੜੇ ਟਰੱਕ ਨਾਲ ਜਾ ਟਕਰਾਈ।
ਮਰਨ ਵਾਲਿਆਂ ’ਚ ਸੰਜੇ ਕੁਮਾਰ (62), ਪਤਨੀ ਕਰੁਣਾ ਦੇਵੀ (58), ਪੁੱਤਰ ਲਾਲ ਬਾਬੂ ਸਿੰਘ (25) ਅਤੇ ਭਤੀਜੀ ਪ੍ਰਿਯਮ ਕੁਮਾਰੀ (20) ਪਟਨਾ ਦੇ ਜਕਨਪੁਰ ਵਾਸੀ ਸਨ। ਨਾਲ ਹੀ ਪਟਨਾ ਦੀ ਕੁਮਰਾਰ ਨਿਵਾਸੀ ਆਸ਼ਾ ਕਿਰਨ (28) ਅਤੇ ਜੂਹੀ ਰਾਣੀ (25) ਵਾਸੀ ਵੀ ਸ਼ਾਮਲ ਸਨ।
ਜਗਦੀਸ਼ਪੁਰ ਥਾਣੇ ਦੇ ਐਸਆਈ ਆਫ਼ਤਾਬ ਖ਼ਾਨ ਨੇ ਕਿਹਾ, ‘‘ਪਿੰਡ ਵਾਸੀਆਂ ਤੋਂ ਸੂਚਨਾ ਮਿਲੀ ਸੀ ਕਿ ਦੁਲਹਨਗੰਜ ਪਟਰੌਲ ਪੰਪ ਨੇੜੇ ਹਾਦਸਾ ਵਾਪਰਿਆ ਹੈ। ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਕੰਟੇਨਰ ਦੇ ਪਿੱਛੇ ਤੋਂ ਇਕ ਕਾਰ ਅੰਦਰ ਵੜੀ ਹੋਈ ਸੀ। ਅਸੀਂ ਸੋਚਿਆ ਕਿ ਸ਼ਾਇਦ ਅੰਦਰ ਕੋਈ ਜਿੰਦਾ ਹੈ। ਤੁਰੰਤ ਕਰੇਨ ਬੁਲਾਈ ਗਈ ਅਤੇ ਟਰੱਕ ਵਿਚ ਫਸੀ ਕਾਰ ਨੂੰ ਪਿੱਛੇ ਖਿੱਚ ਲਿਆ ਗਿਆ। ਇਸ ਤੋਂ ਬਾਅਦ ਦੇਖਿਆ ਕਿ ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਕਾਰ ਦੇ ਦੋ ਏਅਰ ਬੈਗ ਖੁਲ੍ਹੇ ਹੋਏ ਸਨ।
ਮ੍ਰਿਤਕ ਸੰਜੇ ਕੁਮਾਰ ਦੇ ਭਰਾ ਕੌਸ਼ਲੇਂਦਰ ਨੇ ਦਸਿਆ ਕਿ 19 ਫ਼ਰਵਰੀ ਨੂੰ 13 ਲੋਕ ਪਟਨਾ ਤੋਂ ਪ੍ਰਯਾਗਰਾਜ ਮਹਾਕੁੰਭ ਲਈ ਰਵਾਨਾ ਹੋਏ ਸਨ। ਬਲੇਨੋ ਕਾਰ ’ਚ ਭਰਾ, ਭਰਜਾਈ, ਉਸ ਦੀ ਧੀ ਅਤੇ ਭਤੀਜੀ ਸਮੇਤ 6 ਲੋਕ ਸਵਾਰ ਸਨ। ਇਕ ਸਕਾਰਪੀਓ ਵਿਚ 7 ਲੋਕ ਬੈਠੇ ਸਨ। ਪ੍ਰਯਾਗਰਾਜ ਤੋਂ ਪਟਨਾ ਵਾਪਸ ਆਉਂਦੇ ਸਮੇਂ ਕਾਰ ਨੂੰ ਸੰਜੇ ਕੁਮਾਰ ਦਾ ਪੁੱਤਰ ਲਾਲ ਬਾਬੂ ਚਲਾ ਰਿਹਾ ਸੀ। ਇਸ ਦੌਰਾਨ ਦੁਲਹਨਗੰਜ ਪਟਰੌਲ ਪੰਪ ਨੇੜੇ ਲਾਲ ਬਾਬੂ ਦੀ ਨੂੰ ਨੀਂਦ ਆ ਗਈ। ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ।