ਅਰਸ਼ ਡੱਲਾ ਦੇ ਦੋ ਸਹਿਯੋਗੀਆਂ ਵਿਰੁਧ ਚਾਰਜਸ਼ੀਟ ਦਾਇਰ
ਅਰਸ਼ ਡੱਲਾ ਭਾਰਤ ’ਚ ਇਕ ਅਤਿਵਾਦੀ-ਗੈਂਗਸਟਰ ਗਿਰੋਹ ਨੂੰ ਪੈਸੇ ਦੇ ਰਿਹਾ ਸੀ, ਜਿਸ ’ਚ ਇਹ ਦੋਵੇਂ ਲੋਕ ਸ਼ਾਮਲ ਸਨ
ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕੈਨੇਡਾ ਸਥਿਤ ਗਰਮਖ਼ਿਆਲੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਦੋ ਪ੍ਰਮੁੱਖ ਸਹਿਯੋਗੀਆਂ ਵਿਰੁਧ ਅਤਿਵਾਦ-ਗੈਂਗਸਟਰ ਗਿਰੋਹ ਦੇ ਮਾਮਲੇ ’ਚ ਚਾਰਜਸ਼ੀਟ ਦਾਇਰ ਕੀਤੀ ਹੈ।
ਪਟਿਆਲਾ ਹਾਊਸ ਕੋਰਟ ’ਚ ਵੀਰਵਾਰ ਨੂੰ ਵਿਸ਼ੇਸ਼ ਐਨ.ਆਈ.ਏ. ਅਦਾਲਤ ’ਚ ਦਾਇਰ ਚਾਰਜਸ਼ੀਟ ’ਚ ਭਗੌੜੇ ਮੁਲਜ਼ਮ ਨੀਰਜ ਪੰਡਿਤ ਉਰਫ ਨੀਰਜ ਫਰੀਦਪੁਰੀਆ ਅਤੇ ਅਨਿਲ ਸਿੰਘ ਦੇ ਨਾਂ ਸ਼ਾਮਲ ਹਨ।
ਜਾਂਚ ਏਜੰਸੀ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਐਨ.ਆਈ.ਏ. ਦੀ ਜਾਂਚ ’ਚ ਪ੍ਰਗਟਾਵਾ ਹੋਇਆ ਹੈ ਕਿ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦਾ ਮੈਂਬਰ ਅਰਸ਼ ਡੱਲਾ ਭਾਰਤ ’ਚ ਇਕ ਅਤਿਵਾਦੀ-ਗੈਂਗਸਟਰ ਗਿਰੋਹ ਨੂੰ ਪੈਸੇ ਦੇ ਰਿਹਾ ਸੀ, ਜਿਸ ’ਚ ਇਹ ਦੋਵੇਂ ਲੋਕ ਸ਼ਾਮਲ ਸਨ।
ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਡੱਲਾ ਅਤੇ ਬੰਬੀਹਾ ਗੈਂਗ ਦੇ ਵੱਖ-ਵੱਖ ਮੈਂਬਰਾਂ ਨਾਲ ਲਗਾਤਾਰ ਸੰਪਰਕ ’ਚ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਹਰਿਆਣਾ ਦੇ ਪਲਵਲ ਵਿਚ ਜਸਵੀਰ ਦਿਘੋਟ ਦੀ ਹਤਿਆ ਦੀ ਸਾਜ਼ਸ਼ ਦਾ ਹਿੱਸਾ ਸਨ। ਅਨਿਲ ਨੂੰ ਪਿਛਲੇ ਸਾਲ 5 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਨੀਰਜ ਅਜੇ ਵੀ ਫਰਾਰ ਹੈ।