Delhi CM: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਰੋਧੀਆਂ ’ਤੇ ਸਾਧਿਆ ਨਿਸ਼ਾਨਾ 

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ‘‘ਉਨ੍ਹਾਂ ਨੂੰ ਅਪਣੀ ਪਾਰਟੀ ਦਾ ਧਿਆਨ ਰੱਖਣਾ ਚਾਹੀਦਾ ਹੈ, ਅਜਿਹੇ ਬਹੁਤ ਸਾਰੇ ਲੋਕ ਹਨ ਜੋ ਪਾਰਟੀ ਛੱਡਣਾ ਚਾਹੁੰਦੇ ਹਨ’’

Delhi Chief Minister Rekha Gupta targets opponents

ਕਾਂਗਰਸ ਨੇ 15 ਸਾਲ ਤੇ ਆਪ ਨੇ 13 ਸਾਲ ਰਾਜ ਕੀਤਾ, ਉਹ ਸਾਡੇ ਇਕ ਦਿਨ ਦੇ ਕੰਮ ’ਤੇ ਕਿਵੇਂ ਸਵਾਲ ਚੁੱਕ ਸਕਦੇ ਹਨ 

Delhi CM: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁਕਰਵਾਰ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਦੇ ਇਕ ਦਿਨ ਵਿਚ ਹੀ ਕਈ ਅਹਿਮ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ, ‘‘ਕਾਂਗਰਸ ਨੇ 15 ਸਾਲ ਅਤੇ ‘ਆਪ’ ਨੇ 13 ਸਾਲ ਰਾਜ ਕੀਤਾ। ਉਨ੍ਹਾਂ ਨੇ ਕੀ ਕੀਤਾ, ਇਹ ਦੇਖਣ ਦੀ ਬਜਾਏ ਉਹ ਸਾਡੇ ਇਕ ਦਿਨ ਦੇ ਕੰਮ ’ਤੇ ਸਵਾਲ ਕਿਵੇਂ ਉਠਾ ਸਕਦੇ ਹਨ?’’

ਅਪਣੀ ਨਵੀਂ ਬਣੀ ਸਰਕਾਰ ਦੀ ਫੌਰੀ ਕਾਰਵਾਈ ’ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ, ‘‘ਅਸੀਂ ਸਹੁੰ ਚੁੱਕਣ ਤੋਂ ਤੁਰਤ ਬਾਅਦ ਪਹਿਲੇ ਦਿਨ ਕੈਬਨਿਟ ਮੀਟਿੰਗ ਕੀਤੀ ਅਤੇ ਅਸੀਂ ‘ਆਪ’ ਵਲੋਂ ਰੋਕੀ ਗਈ ਆਯੁਸ਼ਮਾਨ ਭਾਰਤ ਯੋਜਨਾ ਨੂੰ ਮਨਜ਼ੂਰੀ ਦੇ ਦਿਤੀ। ਅਸੀਂ ਪਹਿਲੇ ਦਿਨ ਹੀ ਦਿੱਲੀ ਦੇ ਲੋਕਾਂ ਨੂੰ 10 ਲੱਖ ਰੁਪਏ ਦਾ ਲਾਭ ਦਿਤਾ। ਉਨ੍ਹਾਂ ਨੂੰ ਸਾਡੇ ਤੋਂ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ।’’

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਿੱਲੀ ਦੀ ਭਲਾਈ ਲਈ ਭਾਜਪਾ ਦੀ ਵਚਨਬੱਧਤਾ ’ਤੇ ਵੀ ਜ਼ੋਰ ਦਿਤਾ। ਉਨ੍ਹਾਂ ਕਿਹਾ, ‘‘ਹੁਣ ਅਸੀਂ ਦਿੱਲੀ ਦੀ ਚਿੰਤਾ ਕਰਾਂਗੇ ਅਤੇ ਪੀਐਮ ਮੋਦੀ ਦੀ ਅਗਵਾਈ ਵਿਚ ਦਿੱਲੀ ਨੂੰ ਅਪਣਾ ਹੱਕ ਮਿਲੇਗਾ।’’ ‘ਆਪ’ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਅੱਗੇ ਕਿਹਾ, ‘‘ਉਨ੍ਹਾਂ ਨੂੰ ਅਪਣੀ ਪਾਰਟੀ ਨੂੰ ਸੰਭਾਲਣਾ ਚਾਹੀਦਾ ਹੈ, ਬਹੁਤ ਸਾਰੇ ਲੋਕ ਹਨ ਜੋ ਜਾਣਾ ਚਾਹੁੰਦੇ ਹਨ... ਉਨ੍ਹਾਂ ਨੂੰ ਚਿੰਤਾ ਹੈ ਕਿ ਜਦੋਂ ਕੈਗ ਦੀ ਰਿਪੋਰਟ ਸਦਨ ਵਿਚ ਪੇਸ਼ ਕੀਤੀ ਜਾਵੇਗੀ ਤਾਂ ਬਹੁਤ ਸਾਰੇ ਲੋਕਾਂ ਦੇ ਰਿਕਾਰਡ ਦਾ ਪਰਦਾਫਾਸ਼ ਹੋ ਜਾਵੇਗਾ।’’ ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਧਿਰ ਨੂੰ ਭਾਜਪਾ ’ਤੇ ਸਵਾਲ ਉਠਾਉਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਹੁਣ ਪੀਐਮ ਮੋਦੀ ਦੀ ਅਗਵਾਈ ’ਚ ਦਿੱਲੀ ਨੂੰ ਅਪਣਾ ਹੱਕ ਮਿਲੇਗਾ।’’