ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਪਨਾਮਾ ਭੇਜਣ ਬਾਰੇ ਵੇਰਵਿਆਂ ਦੀ ਪੁਸ਼ਟੀ ਜਾਰੀ : ਵਿਦੇਸ਼ ਮੰਤਰਾਲੇ
ਵਿਦੇਸ਼ ਮੰਤਰਾਲਾ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਅਤੇ ਸਨਮਾਨਜਨਕ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ
ਨਵੀਂ ਦਿੱਲੀ : ਭਾਰਤ ਨੇ ਸ਼ੁਕਰਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਅਮਰੀਕਾ ਤੋਂ ਕੱਢੇ ਲੋਕਾਂ ਨੂੰ ਪਨਾਮਾ ਅਤੇ ਕੋਸਟਾ ਰੀਕਾ ਨੂੰ ਭੇਜਣ ਵਾਲੀਆਂ ਉਡਾਣਾਂ ਤੋਂ ਜਾਣੂ ਹੈ, ਜੋ ਅਮਰੀਕਾ ਅਤੇ ਸਬੰਧਤ ਸਰਕਾਰਾਂ ਵਿਚਾਲੇ ਪੁਲ ਸਮਝੌਤੇ ਦੇ ਹਿੱਸੇ ਹੇਠ ਕੀਤੀਆਂ ਗਈਆਂ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁਕਰਵਾਰ ਨੂੰ ਹਫਤਾਵਾਰੀ ਪ੍ਰੈਸ ਬ੍ਰੀਫਿੰਗ ’ਚ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੇ ਵੇਰਵਿਆਂ ਦੀ ਪੁਸ਼ਟੀ ਕਰ ਰਹੀ ਹੈ ਕਿ ਕੀ ਖੇਤਰ ’ਚ ਭੇਜੇ ਗਏ ਲੋਕਾਂ ’ਚ ਭਾਰਤੀ ਵੀ ਸ਼ਾਮਲ ਹਨ। ਭਾਰਤ ਸਰਕਾਰ ਨੇ ਭਰੋਸਾ ਦਿਤਾ ਹੈ ਕਿ ਉਹ ਅਪਣੇ ਨਾਗਰਿਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ, ‘‘ਅਸੀਂ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਾਂ ਕਿ ਸਬੰਧਤ ਵਿਅਕਤੀ ਭਾਰਤੀ ਨਾਗਰਿਕ ਹਨ ਜਾਂ ਨਹੀਂ। ਇਕ ਵਾਰ ਤਸਦੀਕ ਦੇ ਵੇਰਵੇ ਪੂਰੇ ਹੋਣ ਤੋਂ ਬਾਅਦ ਉਨ੍ਹਾਂ ਲਈ ਪ੍ਰਬੰਧ ਕੀਤੇ ਜਾਣਗੇ।’’ ਸਮਝੌਤੇ ਅਨੁਸਾਰ, ਕੋਸਟਾ ਰੀਕਾ ਅਤੇ ਪਨਾਮਾ ਡਿਪੋਰਟ ਕੀਤੇ ਗਏ ਲੋਕਾਂ ਲਈ ਟ੍ਰਾਂਜ਼ਿਟ ਦੇਸ਼ਾਂ ਵਜੋਂ ਕੰਮ ਕਰਨਗੇ, ਜਿਸ ’ਚ ਅਮਰੀਕਾ ਸਾਰੇ ਸੰਚਾਲਨ ਖਰਚਿਆਂ ਨੂੰ ਸਹਿਣ ਕਰੇਗਾ। ਪਨਾਮਾ ਵਿਚ ਭਾਰਤੀ ਮਿਸ਼ਨ, ਜੋ ਕੋਸਟਾ ਰੀਕਾ ਤੋਂ ਵੀ ਮਾਨਤਾ ਪ੍ਰਾਪਤ ਹੈ, ਵੇਰਵਿਆਂ ਦੀ ਪੁਸ਼ਟੀ ਕਰਨ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿਚ ਹੈ।
ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਪਨਾਮਾ ਅਤੇ ਕੋਸਟਾ ਰੀਕਾ ਲਈ ਉਡਾਣਾਂ ਨੂੰ ਵਾਪਸ ਭੇਜਣ ਦੀਆਂ ਕੁੱਝ ਰੀਪੋਰਟਾਂ ਵੇਖੀਆਂ ਹਨ। ਇਹ ਸਾਡੀ ਸਮਝ ਹੈ ਕਿ ਇਹ ਅਮਰੀਕਾ ਅਤੇ ਸਬੰਧਤ ਸਰਕਾਰਾਂ ਦਰਮਿਆਨ ਇਕ ਪੁਲ ਪ੍ਰਬੰਧ ਦੇ ਅਨੁਸਾਰ ਕੀਤੇ ਗਏ ਹਨ। ਕੋਸਟਾ ਰੀਕਾ ਅਤੇ ਪਨਾਮਾ ਦੋਵੇਂ ਡਿਪੋਰਟ ਕਰਨ ਲਈ ਟ੍ਰਾਂਜ਼ਿਟ ਦੇਸ਼ਾਂ ਵਜੋਂ ਸੇਵਾ ਕਰਨ ਲਈ ਸਹਿਮਤ ਹੋਏ ਹਨ, ਜਦਕਿ ਅਮਰੀਕਾ ਇਸ ਮੁਹਿੰਮ ਦਾ ਸਾਰਾ ਖਰਚਾ ਚੁੱਕਦਾ ਹੈ।’’ ਵਿਦੇਸ਼ ਮੰਤਰਾਲਾ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਅਤੇ ਸਨਮਾਨਜਨਕ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪਨਾਮਾ ਭੇਜੇ ਗਏ ਭਾਰਤੀਆਂ ਦੀਆਂ ਰੀਪੋਰਟਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਅਮਰੀਕਾ ਵਲੋਂ ਚੁਕੇ ਗਏ ਕਦਮਾਂ ਨੂੰ ‘ਬਹੁਤ ਹੀ ਅਣਮਨੁੱਖੀ ਅਤੇ ਅਪਮਾਨਜਨਕ’ ਕਰਾਰ ਦਿਤਾ। ਜੈਰਾਮ ਰਮੇਸ਼ ਨੇ ਐਕਸ ’ਤੇ ਪੋਸਟ ਕੀਤਾ, ‘‘ਅਸੀਂ ਸੋਚਿਆ ਹੋਵੇਗਾ ਕਿ ਟਰੰਪ ਪ੍ਰਸ਼ਾਸਨ ਵਲੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਸਨਮਾਨ ਨਾਲ ਭਾਰਤ ਵਾਪਸ ਭੇਜਿਆ ਜਾਵੇਗਾ। ਅਜਿਹੇ ਦੇਸ਼ ਨਿਕਾਲੇ ਬਹੁਤ ਹੀ ਅਣਮਨੁੱਖੀ ਅਤੇ ਅਪਮਾਨਜਨਕ ਤਰੀਕੇ ਨਾਲ ਹੋਏ ਹਨ। ਹੁਣ ਖ਼ਬਰਾਂ ਆਈਆਂ ਹਨ ਕਿ ਹੋਰ ਭਾਰਤੀ ਨਾਗਰਿਕਾਂ ਨੂੰ ਪਨਾਮਾ ਭੇਜਿਆ ਗਿਆ ਹੈ। ਕੀ ਹੋ ਰਿਹਾ ਹੈ?’’
ਇਸ ਦੌਰਾਨ ਪਨਾਮਾ, ਨਿਕਾਰਾਗੁਆ ਅਤੇ ਕੋਸਟ ਰੀਕਾ ਵਿਚ ਭਾਰਤੀ ਸਫ਼ਾਰਤਖ਼ਾਨੇ ਨੇ ਵੀਰਵਾਰ ਨੂੰ ਦਸਿਆ ਕਿ ਭਾਰਤੀਆਂ ਦਾ ਇਕ ਸਮੂਹ ਅਮਰੀਕਾ ਤੋਂ ਪਨਾਮਾ ਪਹੁੰਚਿਆ ਹੈ। ਉਨ੍ਹਾਂ ਕਿਹਾ, ‘ਉਹ ਸਾਰੀਆਂ ਜ਼ਰੂਰੀ ਸਹੂਲਤਾਂ ਵਾਲੇ ਹੋਟਲ ’ਚ ਸੁਰੱਖਿਅਤ ਹਨ ਅਤੇ ਦੂਤਘਰ ਦੀ ਟੀਮ ਨੇ ਕੌਂਸਲਰ ਪਹੁੰਚ ਹਾਸਲ ਕੀਤੀ ਹੈ। ਅਸੀਂ ਮੇਜ਼ਬਾਨ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ।’’