ਮੋਦੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਸੋਮਵਾਰ ਨੂੰ ਜਾਰੀ ਹੋਵੇਗੀ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 19ਵੀਂ ਕਿਸਤ
ਕਿਸਾਨਾਂ ਨੂੰ ਮਿਲੇਗਾ 22,000 ਕਰੋੜ ਰੁਪਏ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 19ਵੀਂ ਕਿਸਤ ਜਾਰੀ ਕਰਨਗੇ। ਇਸ ’ਚ ਲਗਭਗ 22,000 ਕਰੋੜ ਰੁਪਏ ਸਿੱਧੇ ਤੌਰ ’ਤੇ 9.8 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਟ੍ਰਾਂਸਫਰ ਕੀਤੇ ਜਾਣਗੇ। ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਇਸ ਯੋਜਨਾ ਤਹਿਤ ਹਰ ਲਾਭਪਾਤਰੀ ਨੂੰ ਹਰ ਚਾਰ ਮਹੀਨਿਆਂ ’ਚ 2,000 ਰੁਪਏ ਦਿੰਦੀ ਹੈ। ਇਸ ਤਰ੍ਹਾਂ ਕੁਲ 6,000 ਰੁਪਏ ਦਾ ਸਾਲਾਨਾ ਲਾਭ ਤਿੰਨ ਬਰਾਬਰ ਕਿਸਤਾਂ ’ਚ ਮਿਲਦਾ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁਕਰਵਾਰ ਨੂੰ ਇੱਥੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਪ੍ਰਧਾਨ ਮੰਤਰੀ 24 ਫ਼ਰਵਰੀ ਨੂੰ ਬਿਹਾਰ ਦੇ ਭਾਗਲਪੁਰ ’ਚ ਇਕ ਸਮਾਰੋਹ ’ਚ ਪੀ.ਐਮ.-ਕਿਸਾਨ ਦੀ 19ਵੀਂ ਕਿਸਤ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ 9.8 ਕਰੋੜ ਕਿਸਾਨਾਂ ਨੂੰ ਕੁਲ 22,000 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਚੌਹਾਨ ਨੇ ਕਿਹਾ ਕਿ 18ਵੀਂ ਕਿਸਤ ’ਚ ਲਾਭਪਾਤਰੀਆਂ ਦੀ ਗਿਣਤੀ 9.6 ਕਰੋੜ ਸੀ, ਜੋ ਹੁਣ ਵਧ ਗਈ ਹੈ।
ਪੀ.ਐਮ.-ਕਿਸਾਨ ਫ਼ਰਵਰੀ 2019 ’ਚ ਸ਼ੁਰੂ ਕੀਤੀ ਗਈ ਦੁਨੀਆਂ ਦੀ ਸੱਭ ਤੋਂ ਵੱਡੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀ.ਬੀ.ਟੀ.) ਯੋਜਨਾ ਹੈ ਅਤੇ ਇਸ ਨੇ ਕਿਸਾਨਾਂ ਨੂੰ ਬੀਜਾਂ ਅਤੇ ਖਾਦਾਂ ਦੀ ਖਰੀਦ ਲਈ ਅਪਣੇ ਖਰਚਿਆਂ ਨੂੰ ਪੂਰਾ ਕਰਨ ’ਚ ਸਹਾਇਤਾ ਕੀਤੀ ਹੈ।
ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ : ਸ਼ਿਵਰਾਜ ਚੌਹਾਨ
ਪੰਜਾਬ ’ਚ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਬਾਰੇ ਪੁੱਛੇ ਜਾਣ ’ਤੇ ਚੌਹਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਉਤਪਾਦਨ ਵਧਾਉਣ, ਖੇਤੀ ਲਾਗਤ ਘਟਾਉਣ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।