ਆਰ.ਐਸ.ਐਸ. ਮਾਨਹਾਨੀ ਮਾਮਲਾ : ਰਾਹੁਲ ਗਾਂਧੀ ਨੇ ਸਪਕਲ ਨੂੰ ਅਪਣਾ ਨਵਾਂ ਜ਼ਮਾਨਤੀ ਨਾਮਜ਼ਦ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 4 ਅਪ੍ਰੈਲ ਲਈ ਤੈਅ ਕੀਤੀ

RSS Defamation Case: Rahul Gandhi names Sapkal as his new surety

ਥਾਣੇ/ਮੁੰਬਈ : ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਸਨਿਚਰਵਾਰ ਨੂੰ ਭਿਵੰਡੀ ਮੈਜਿਸਟ੍ਰੇਟ ਅਦਾਲਤ ਵਿਚ 2014 ਦੇ ਇਮ ਮਾਨਹਾਨੀ ਦੇ ਮਾਮਲੇ ਵਿਚ ਨਵੀਂ ਜ਼ਮਾਨਤ ਦੀ ਕਾਰਵਾਈ ਲਈ ਪੇਸ਼ ਹੋਏ। ਉਨ੍ਹਾਂ ਨੇ ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਸ਼ਵਰਧਨ ਸਪਕਲ ਨੂੰ ਅਪਣਾ ਨਵਾਂ ਜ਼ਮਾਨਤੀ ਨਾਮਜ਼ਦ ਕੀਤਾ। ਇਹ ਮਾਮਲਾ ਆਰ.ਐਸ.ਐਸ. ਕਾਰਕੁਨ ਰਾਜੇਸ਼ ਕੁੰਟੇ ਵਲੋਂ ਦਰਜ ਕਰਵਾਇਆ ਗਿਆ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਰਾਹੁਲ ਨੇ 2014 ਦੀ ਚੋਣ ਰੈਲੀ ਦੌਰਾਨ ਸੰਘ ਨੂੰ ਮਹਾਤਮਾ ਗਾਂਧੀ ਦੇ ਕਤਲ ਨਾਲ ਜੋੜਿਆ ਸੀ।

ਅਦਾਲਤ ਨੇ ਕਾਰਵਾਈ ਪੂਰੀ ਕਰ ਕੇ ਅਗਲੀ ਸੁਣਵਾਈ 4 ਅਪ੍ਰੈਲ ਲਈ ਤੈਅ ਕੀਤੀ। ਰਾਹੁਲ ਦੇ ਵਕੀਲ ਨਾਰਾਇਣ ਆਈਅਰ ਨੇ ਕਿਹਾ, ‘‘ਅਦਾਲਤ ਨੇ ਸਪਕਲ ਦੇ ਜ਼ਮਾਨਤੀ ਕਾਗਜ਼ਾਤ ਮਨਜ਼ੂਰ ਕਰ ਲਏ ਹਨ। ਸਾਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਅਤੇ ਯਕੀਨ ਹੈ ਕਿ ਇਨਸਾਫ਼ ਮਿਲੇਗਾ।’’
ਰਾਹੁਲ ਗਾਂਧੀ ਨੂੰ ਅਗਲੀ ਸੁਣਵਾਈਆਂ ਵਿਚ ਨਿੱਜੀ ਹਾਜ਼ਰੀ ਤੋਂ ਸਥਾਈ ਛੋਟ ਮਿਲ ਚੁਕੀ ਹੈ। ਵਕੀਲ ਨੇ ਸਪਸ਼ਟ ਕੀਤਾ ਕਿ ਹੁਣ ਜਾਂਚ ਅਧਿਕਾਰੀ ਦੀ ਜਿਰ੍ਹਾ ਮੁੜ ਸ਼ੁਰੂ ਹੋਵੇਗੀ।
ਭਾਜਪਾ ਕਾਰਕੁਨਾਂ ਨੇ ਰਾਹਲ ਗਾਂਧੀ ਨੂੰ ਵਿਖਾਏ ਕਾਲੇ ਝੰਡੇ
ਇਸ ਦੌਰਾਨ, ਮੁਲੁੰਡ ਟੋਲ ਪਲਾਜ਼ਾ ‘ਤੇ ਭਾਜਪਾ ਕਾਰਕੁਨਾਂ ਨੇ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਯੂਥ ਕਾਂਗਰਸ ਵਲੋਂ ਦਿੱਲੀ ਵਿਚ ਏ.ਆਈ. ਇੰਪੈਕਟ ਸਮਿੱਟ ‘ਤੇ ਕੀਤੇ ਪ੍ਰਦਰਸ਼ਨ ਨਾਲ ਦੇਸ਼ ਦਾ ਅਕਸ ਖ਼ਰਾਬ ਹੋਇਆ ਹੈ। ਇਕ ਭਾਜਪਾ ਸਮਰਥਕ ਨੇ ਕਿਹਾ, ‘‘ਰਾਹੁਲ ਗਾਂਧੀ ਹਮੇਸ਼ਾ ਪ੍ਰਧਾਨ ਮੰਤਰੀ ਦੇ ਹਰ ਕਦਮ ਦਾ ਵਿਰੋਧ ਕਰਦੇ ਹਨ। ਯੂਥ ਕਾਂਗਰਸ ਨੇ ਸਮਿੱਟ ‘ਤੇ ਨਾਅਰੇਬਾਜ਼ੀ ਕਰ ਕੇ ਦੇਸ਼ ਦੀ ਇੱਜ਼ਤ ਘਟਾਈ।’’
ਕਾਂਗਰਸ ਅਤੇ ਐਨ.ਸੀ.ਪੀ. (ਐਸ.ਪੀ.) ਨੇ ਭਾਜਪਾ ਦੇ ਵਿਰੋਧ ਨੂੰ ਲੋਕਤੰਤਰਕ ਮਰਿਆਦਾ ਤੋਂ ਹਟਕੇ ਕਰਾਰ ਦਿਤਾ। ਕਾਂਗਰਸ ਨੇਤਾ ਸਚਿਨ ਸਾਵੰਤ ਨੇ ਕਿਹਾ, ‘‘ਇਹ ਪ੍ਰਦਰਸ਼ਨ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।’’
ਇਸ ਦੌਰਨ ਰਾਹੁਲ ਗਾਂਧੀ ਨੇ ਮੁੰਬਈ ਵਿਚ ਪਾਰਟੀ ਸਾਥੀਆਂ ਨਾਲ ਮੀਟਿੰਗ ਕਰ ਕੇ ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ ਚੋਣਾਂ ਵਿਚ ਕਾਂਗਰਸ ਦੇ ਕਮਜ਼ੋਰ ਪ੍ਰਦਰਸ਼ਨ ’ਤੇ ਵੀ ਸਵਾਲ ਉਠਾਏ। ਪਾਰਟੀ ਨੇ 227 ਮੈਂਬਰਾਂ ਵਾਲੀ ਬੀ.ਐਮ.ਸੀ. ਵਿਚ ਸਿਰਫ਼ 24 ਸੀਟਾਂ ਜਿੱਤੀਆਂ। ਉਨ੍ਹਾਂ ਨੇ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਦੀ ਅਪੀਲ ਕੀਤੀ।