ਗੁਆਂਢੀ ਸੂਬਿਆਂ ਨੂੰ ਰਿਆਇਤਾਂ ਦੇ ਮਾਮਲੇ 'ਚ ਬਾਦਲ, ਮੋਦੀ ਤੋਂ ਹਮਾਇਤ ਵਾਪਸ ਲੈਣ: ਚੰਨੀ
ਕੇਂਦਰ ਦੀ ਮੋਦੀ ਸਰਕਾਰ ਵਲੋਂ ਗੁਆਂਢੀ ਰਾਜਾਂ ਦੇ ਉਦਯੋਗਾਂ ਲਈ ਦਿਤੀਆਂ ਰਿਆਇਤਾਂ ਨੂੰ ਪੰਜਾਬ ਲਈ ਨੁਕਸਾਨਦੇਹ ਕਰਾਰ ਦਿੰਦਿਆਂ ਸੂਬੇ ਦੇ ਤਕਨੀਕੀ ਸਿਖਿਆ..
ਬਠਿੰਡਾ, 23 ਅਗੱਸਤ (ਸੁਖਜਿੰਦਰ ਮਾਨ): ਕੇਂਦਰ ਦੀ ਮੋਦੀ ਸਰਕਾਰ ਵਲੋਂ ਗੁਆਂਢੀ ਰਾਜਾਂ ਦੇ ਉਦਯੋਗਾਂ ਲਈ ਦਿਤੀਆਂ ਰਿਆਇਤਾਂ ਨੂੰ ਪੰਜਾਬ ਲਈ ਨੁਕਸਾਨਦੇਹ ਕਰਾਰ ਦਿੰਦਿਆਂ ਸੂਬੇ ਦੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਨੂੰ ਕੇਂਦਰ ਦੀ ਮੋਦੀ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਾਦਲ ਪਰਵਾਰ ਨੇ ਸਿਰਫ਼ ਮੰਤਰੀ ਦੇ ਅਹੁਦੇ ਲਈ ਪੰਜਾਬ ਦੇ ਹਿੱਤਾਂ ਨੂੰ ਵੇਚ ਦਿਤਾ ਹੈ। ਸਥਾਨਕ ਤਕਨੀਕੀ ਯੂਨੀਵਰਸਟੀ 'ਚ ਲਾਏ ਰੁਜ਼ਗਾਰ ਮੇਲੇ 'ਚ ਪੁੱਜੇ ਮੰਤਰੀ ਚੰਨੀ ਨੇ ਮੰਗ ਕੀਤੀ ਕਿ ਜੇਕਰ ਬਾਦਲ ਪਰਵਾਰ ਨੂੰ ਪੰਜਾਬ ਦੇ ਹਿੱਤਾਂ ਦੀ ਰਤਾ ਪ੍ਰਵਾਹ ਹੈ ਤਾਂ ਉਹ ਤੁਰਤ ਹਰਸਿਮਰਤ ਕੌਰ ਬਾਦਲ ਤੋਂ ਕੇਂਦਰ ਵਿਚੋਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਵਾਉਣ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਜਾਬ ਨੂੰ ਵੀ ਸਰਹੱਦੀ ਰਾਜ ਵਜੋਂ ਬਰਾਬਰ ਦੀਆਂ ਰਿਆਇਤਾਂ ਦੇਣ ਦਾ ਐਲਾਨ ਕਰਨ।
ਸੂਬੇ 'ਚ ਸਰਕਾਰੀ ਅਤੇ ਗ਼ੈਰ ਸਰਕਾਰੀ ਤਕਨੀਕੀ ਕਾਲਜਾਂ 'ਚ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਰੈਗੂਲੇਟਰੀ ਬਾਡੀ (ਨਿਯੰਤਰਕ ਸੰਸਥਾ) ਬਣਾਉਣ ਦਾ ਐਲਾਨ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਇਸ ਸਬੰਧੀ ਉਪ ਕੁਲਪਤੀਆਂ ਦੀ ਵਿਸ਼ੇਸ਼ ਬੈਠਕ 25 ਅਗੱਸਤ ਨੂੰ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ ।
ਉਨ੍ਹਾਂ ਕਿਹਾ ਕਿ ਇਹ ਰੈਗੂਲੇਟਰੀ ਬਾਡੀ ਨਾ ਸਿਰਫ਼ ਤਕਨੀਕੀ ਕਾਲਜਾਂ ਦੀ ਸਿਖਿਆ ਬਲਕਿ ਉਥੇ ਮੌਜੂਦ ਬੁਨਿਆਦੀ ਢਾਂਚੇ, ਅਧਿਆਪਕਾਂ ਦੀ ਯੋਗਤਾ, ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸੇਵਾਵਾਂ ਆਦਿ ਸਬੰਧੀ ਸਰਵੇ ਕਰਨਗੇ। ਰੁਜ਼ਗਾਰ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਵਲੋਂ ਇਨ੍ਹਾਂ ਮੇਲਿਆਂ ਨੂੰ ਵੱਡਾ ਹੁੰਗਾਰਾ ਮਿਲਿਆ। ਇਨ੍ਹਾਂ ਰੁਜ਼ਗਾਰ ਮੇਲਿਆਂ ਲਈ 4 ਲੱਖ ਤੋਂ ਵੱਧ ਨੌਜਵਾਨਾਂ ਨੇ 21 ਕੇਂਦਰਾਂ ਤੋਂ ਵੱਖ-ਵੱਖ ਨੌਕਰੀਆਂ ਲਈ ਫਾਰਮ ਭਰੇ ਹਨ। ਉਨ੍ਹਾਂ ਦਸਿਆ ਕਿ ਇਸ ਰੁਜ਼ਗਾਰ ਮੇਲੇ ਦਾ ਮੁੱਖ ਉਦੇਸ਼ ਘੱਟੋਂ ਘੱਟ 50000 ਨੌਕਰੀਆਂ ਪ੍ਰਦਾਨ ਕਰਨਾ ਹੈ। ਮੇਲੇ 'ਚ ਦੇਸ਼ ਦੀਆਂ 900 ਕੰਪਨੀਆਂ ਨੂੰ ਪੰਜਾਬ ਬੁਲਾਇਆ ਗਿਆ ਤਾਂ ਜੋ ਸਾਡੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇ ਮੌਕੇ ਮਿਲ ਸਕਣ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸਾਕਸ਼ੀ ਸਾਹਨੀ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਮੋਹਨਪਾਲ ਸਿੰਘ ਈਸ਼ਰ, ਰਜਿਸਟਰਾਰ ਡਾ ਜੀਐਸ ਹੁੰਦਲ, ਹਲਕਾ ਤਲਵੰਡੀ ਸਾਬੋ ਦੇ ਸੀਨੀਅਰ ਕਾਂਗਰਸੀ ਆਗੂ ਖ਼ੁਸਬਾਜ ਸਿੰਘ ਜਟਾਣਾ, ਬਠਿੰਡਾ ਤੋਂ ਸੀਨੀਅਰ ਆਗੂ ਰਾਜਨ ਗਰਗ, ਕੇ.ਕੇ.ਅਗਰਵਾਲ, ਅਰੁਣ ਵਧਾਵਨ, ਪਵਨ ਮਾਨੀ, ਗੁਰਮੀਤ ਸਿੰਘ ਖੁੱਡੀਆ, ਹਰਜੋਤ ਸਿੰਘ ਸਿੱਧੂ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।