.. ਤੇ ਸੰਸਦ ਮੈਂਬਰਾਂ ਨੂੰ ਰਾਤ ਦੇ ਖਾਣੇ ਤੋਂ ਹੱਥ ਧੋਣੇ ਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਇਡੂ ਨੇ ਸੰਸਦੀ ਰੌਲੇ ਤੋਂ ਨਾਰਾਜ਼ ਹੋ ਕੇ 'ਡਿਨਰ' ਰੱਦ ਕੀਤਾ

Vainkya Naidu

ਨਵੀਂ ਦਿੱਲੀ, 20 ਮਾਰਚ : ਰਾਜ ਸਭਾ ਵਿਚ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਦੇ ਰੌਲੇ ਕਾਰਨ ਜਾਰੀ ਰੇੜਕੇ ਦਾ ਖ਼ਮਿਆਜ਼ਾ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਭੁਗਤਣਾ ਪਿਆ ਹੈ ਕਿਉਂਕਿ ਸਭਾਪਤੀ ਵੈਂਕਇਆ ਨਾਇਡੂ ਦੁਆਰਾ ਬੁਧਵਾਰ ਨੂੰ ਦਿਤੇ ਜਾਣ ਵਾਲੇ ਰਾਤ ਦੇ ਖਾਣੇ ਦਾ ਸੱਦਾ ਰੱਦ ਕਰ ਦਿਤਾ ਗਿਆ ਹੈ। ਨਾਇਡੂ ਨੇ ਸਦਨ ਵਿਚ ਬੀਤੀ ਪੰਜ ਮਾਰਚ ਤੋਂ ਪੈ ਰਹੇ ਰੌਲੇ ਤੋਂ ਨਾਰਾਜ਼ ਹੋ ਕੇ ਸੰਸਦ ਮੈਂਬਰਾਂ ਨੂੰ ਦਿਤਾ ਜਾਣ ਵਾਲਾ ਰਾਤ ਦਾ ਖਾਣਾ ਰੱਦ ਕਰ ਦਿਤਾ। ਸੂਤਰਾਂ ਮੁਤਾਬਕ ਸੰਸਦ ਮੈਂਬਰਾਂ ਨੂੰ ਬੁਧਵਾਰ ਰਾਤ ਦੇ ਖਾਣੇ ਦੇ ਸੱਦਾ ਪੱਤਰ ਵੰਡ ਦਿਤੇ ਗਏ ਸਨ ਅਤੇ ਹੋਰ ਤਿਆਰੀਆਂ ਵੀ ਕਰ ਲਈਆਂ ਗਈਆਂ ਸਨ। 

ਨਾਇਡੂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਨੇਤਾ ਸਦਨ, ਨੇਤਾ ਵਿਰੋਧੀ ਧਿਰ ਅਤੇ ਹੋਰ ਆਗੂਆਂ ਨੂੰ ਵੀ ਰਸਮੀ ਜਾਣਕਾਰੀ ਦਿਤੀ ਸੀ। ਨਾਇਡੂ ਨੂੰ ਉਮੀਦ ਸੀ ਕਿ ਅੱਜ ਕਾਰਵਾਈ ਠੀਕ ਚੱਲੇਗੀ ਪਰ ਅੱਜ ਵੀ ਕਾਫ਼ੀ ਰੌਲਾ ਪਿਆ। ਨਾਇਡੂ ਨੇ ਅੱਜ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਅਪਣੇ ਦਫ਼ਤਰ ਵਿਚ ਬੈਠਕ ਕੀਤੀ ਅਤੇ ਰਾਤ ਦਾ ਖਾਣਾ ਰੱਦ ਕਰਨ ਬਾਰੇ ਵੀ ਦੱਸ ਦਿਤਾ। ਨਾਇਡੂ ਦਾ ਕਹਿਣਾ ਸੀ ਕਿ ਦੋ ਹਫ਼ਤਿਆਂ ਤੋਂ ਸੰਸਦ ਦੀ ਕਾਰਵਾਈ ਚੱਲ ਨਹੀਂ ਰਹੀ, ਅਜਿਹੇ ਹਾਲਾਤ ਵਿਚ ਰਾਤ ਦਾ ਖਾਣਾ ਦੇਣਾ ਠੀਕ ਨਹੀਂ। ਆਂਧਰਾ ਪ੍ਰਦੇਸ਼ ਦੇ ਰਵਾਇਤੀ ਖਾਣੇ ਬਣਾਉਣ ਲਈ ਉਥੋਂ ਦੇ ਖ਼ਾਨਸਾਮੇ ਵੀ ਦਿੱਲੀ ਪਹੁੰਚ ਗਏ ਸਨ। ਨਾਇਡੂ ਨੇ ਪਿਛਲੇ ਹਫ਼ਤੇ ਵੀ ਸੰਸਦ ਮੈਂਬਰਾਂ ਦੇ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ ਕਰਨ ਤੋਂ ਇਨਕਾਰ ਕਰ ਦਿਤਾ ਸੀ। (ਏਜੰਸੀ)