ਹਿੰਦੂ ਇਲਾਕਿਆਂ ਵਿਚ ਮੁਸਲਮਾਨਾਂ ਨੂੰ ਘਰ ਨਾ ਦਿਤਾ ਜਾਵੇ : ਭਾਜਪਾ ਵਿਧਾਇਕ
ਗੁਜਰਾਤ ਦੀ ਭਾਜਪਾ ਵਿਧਾਇਕ ਨੇ ਅਪਣੇ ਵਿਧਾਨ ਸਭਾ ਖੇਤਰ ਵਿਚ ਅਜਿਹਾ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਹੈ ਜਿਸ ਤਹਿਤ ਕੋਈ ਵੀ ਮੁਸਲਿਮ ਵਿਅਕਤੀ ਹਿੰਦੂਆਂ ਦੇ ਗੁਆਂਢ..
ਨਵੀਂ ਦਿੱਲੀ, 22 ਅਗੱਸਤ : ਗੁਜਰਾਤ ਦੀ ਭਾਜਪਾ ਵਿਧਾਇਕ ਨੇ ਅਪਣੇ ਵਿਧਾਨ ਸਭਾ ਖੇਤਰ ਵਿਚ ਅਜਿਹਾ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਹੈ ਜਿਸ ਤਹਿਤ ਕੋਈ ਵੀ ਮੁਸਲਿਮ ਵਿਅਕਤੀ ਹਿੰਦੂਆਂ ਦੇ ਗੁਆਂਢ ਵਿਚ ਘਰ ਨਾ ਲੈ ਸਕੇ।
ਸੰਗੀਤਾ ਪਾਟਿਲ ਨੇ ਅਪਣੇ ਵਿਧਾਨ ਸਭਾ ਖੇਤਰ ਵਿਚ 'ਡਿਸਟਰਬ ਏਰੀਆ ਐਕਟ' ਲਾਗੂ ਕਰਨ ਲਈ ਜ਼ਿਲ੍ਹਾ ਅਧਿਕਾਰੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੇ ਉਸ ਨੂੰ ਚੁਣਿਆ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਹ ਮੇਰੀ ਜ਼ਿੰਮੇਵਾਰੀ ਹੈ। ਸੰਗੀਤਾ ਪਾਟਿਲ ਨੇ ਲਿਖਿਆ ਕਿ ਇਸ ਐਕਟ ਦੇ ਲਾਗੂ ਹੋਣ ਤੋਂ ਬਾਅਦ ਕੋਈ ਵੀ ਮੁਸਲਿਮ ਹਿੰਦੂ ਦੇ ਗੁਆਂਢ ਵਿਚ ਘਰ ਨਹੀਂ ਖ਼ਰੀਦ ਸਕੇਗਾ।
ਸੂਤਰਾਂ ਮੁਤਾਬਕ ਪੱਤਰ ਲਿਖਣ ਪਿੱਛੇ ਇਲਾਕੇ ਵਿਚ ਵਾਪਰੀਆਂ ਕੁੱਝ ਘਟਨਾਵਾਂ ਹਨ। ਹੋਰ ਰਾਜਨੀਤਕ ਪਾਰਟੀਆਂ ਪਾਟਿਲ ਦੀ ਇਸ ਮੰਗ ਨੂੰ ਗ਼ਲਤ ਦੱਸ ਰਹੀਆਂ ਹਨ। ਉਧਰ, ਪਾਟਿਲ ਨੇ ਦੋਸ਼ ਲਾਇਆ ਕਿ ਮੁਸਲਮਾਨ ਹਿੰਦੂ ਸੁਸਾਇਟੀ ਵਿਚ ਘਰ ਖ਼ਰੀਦਣ ਲਈ ਚਲਾਕੀ ਕਰਦੇ ਹਨ। ਘਰ ਬੁਕ ਕਰਨ ਲਈ ਉਹ ਲੋਕਾਂ ਨੂੰ ਧਮਕੀਆਂ ਵੀ ਦਿੰਦੇ ਹਨ। ਪਾਟਿਲ ਨੇ ਲਿਖਿਆ ਕਿ ਹਿੰਦੂ ਏਰੀਏ ਵਿਚ ਘਰ ਲੈਣ ਲਈ ਮੁਸਲਮਾਨ ਹਿੰਦੂ ਇਲਾਕਿਆਂ ਵਿਚ ਕਾਫ਼ੀ ਉੱਚੇ ਰੇਟ ਵੀ ਦਿੰਦੇ ਹਨ। ਸੂਰਤ ਦੇ ਕਈ ਇਲਾਕਿਆਂ ਵਿਚ ਇਹ ਕਾਨੂੰਨ ਲਾਗੂ ਹੈ। ਬਾਕੀ ਇਲਾਕਿਆਂ ਵਿਚ ਇਸ ਨੂੰ ਛੇਤੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪਾਟਿਲ ਨੇ ਕਿਹਾ ਕਿ ਜਿਵੇਂ ਘਰ ਲੈਣ ਲਈ ਮੁਸਲਿਮ ਚਲਾਕੀ ਕਰਦੇ ਹਨ ਅਤੇ ਹਿੰਦੂਆਂ ਨੂੰ ਤੰਗ ਕਰਦੇ ਹਨ, ਇਸ ਲਈ ਮੈਂ ਚਾਹੁੰਦੀ ਹਾਂ ਕਿ ਹਿੰਦੂ ਇਲਾਕਿਆਂ ਵਿਚ ਗੜਬੜ ਵਾਲਾ ਏਰੀਆ ਕਾਨੂੰਨ ਲਾਗੂ ਕੀਤਾ ਜਾਵੇ। (ਏਜੰਸੀ)