ਡੀਜ਼ਲ ਆਟੋ ਰਿਕਸ਼ਿਆਂ ਨੂੰ ਗੈਸ ਨਾਲ ਚਲਾਉਣ ਲਈ ਨੀਤੀ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂ.ਟੀ. ਦੇ ਟਰਾਂਸਪੋਰਟ ਵਿਭਾਗ ਵਲੋਂ ਚੰਡੀਗੜ੍ਹ ਸ਼ਹਿਰ ਨੂੰ ਹੁਣ ਡੀਜ਼ਲ ਆਟੋ ਰਿਕਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਨੀਤੀ ਬਣਾਈ ਗਈ ਹੈ।

Auto rickshaw

ਚੰਡੀਗੜ੍ਹ, 18 ਅਗੱਸਤ (ਸਰਬਜੀਤ ਢਿੱਲੋਂ) : ਯੂ.ਟੀ. ਦੇ ਟਰਾਂਸਪੋਰਟ ਵਿਭਾਗ ਵਲੋਂ ਚੰਡੀਗੜ੍ਹ ਸ਼ਹਿਰ ਨੂੰ ਹੁਣ ਡੀਜ਼ਲ ਆਟੋ ਰਿਕਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਨੀਤੀ ਬਣਾਈ ਗਈ ਹੈ।
ਸਟੇਟ ਟਰਾਂਸਪੋਰਟ ਅਥਾਰਟੀ ਵਲੋਂ 31 ਦਸੰਬਰ ਤਕ ਮੌਜੂਦਾ ਚਲ ਰਹੇ 300 ਦੇ ਕਰੀਬ ਰਜਿਸਟਰਡ ਆਟੋ ਰਿਕਸ਼ਾ ਮਾਲਕਾਂ ਨੂੰ ਅਪਣੇ ਆਟੋ ਪੀ.ਜੀ. ਜਾਂ ਸੀ.ਐਨ.ਜੀ. ਗੈਸ 'ਚ ਤਬਦੀਲ ਕਰਨ ਲਈ 30 ਹਜ਼ਾਰ ਰੁਪਏ ਦੀ ਸਬਸਿਡੀ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਲਈ ਡੀਜ਼ਲ ਆਟੋ ਰਿਕਸ਼ਾ ਮਾਲਕਾਂ ਵਲੋਂ ਵਿਭਾਗ ਕੋਲ ਅਪਣੇ ਡੀਜ਼ਲ ਆਟੋ ਰਿਕਸ਼ਾ ਨੂੰ ਗੈਸ 'ਚ ਤਬਦੀਲ ਕਰਾਉਣ ਲਈ ਅਰਜ਼ੀ ਦੇਣੀ ਪਵੇਗੀ। ਸਟੇਟ ਟਰਾਂਸਪੋਰਟ ਅਥਾਰਟੀ ਸੈਕਟਰ-18 ਦੇ ਇੰਚਾਰਜ ਰਾਜੀਵ ਤਿਵਾੜੀ ਅਨੁਸਾਰ ਚੰਡੀਗੜ੍ਹ ਸ਼ਹਿਰ 'ਚ ਕੁਲ 6 ਹਜ਼ਾਰ ਦੇ ਕਰੀਬ ਆਟੋ ਰਿਕਸ਼ਾ ਵਿਭਾਗ ਵਲੋਂ ਰਜਿਸਟਰਡ ਹਨ ਜਿਨ੍ਹਾਂ ਵਿਚੋਂ ਸਿਰਫ਼ 300 ਕਿਰਸ਼ੇ ਹੀ ਡੀਜ਼ਲ ਨਾਲ ਚੱਲਣ ਵਾਲੇ ਬਚੇ ਹਨ ਜਦਕਿ ਬਾਕੀ ਆਟੋ ਰਿਕਸ਼ੇ ਗੈਸ ਨਾਲ ਚੱਲ ਰਹੇ ਹਨ ਜਦਕਿ ਮੋਹਾਲੀ ਅਤੇ ਪੰਚਕੂਲਾ 'ਚ ਰਜਿਸਟਰਡ ਡੀਜ਼ਲ ਆਟੋ ਰਿਕਸ਼ਿਆਂ ਵਲੋਂ ਸ਼ਹਿਰ 'ਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ।
ਸਟੇਟ ਟਰਾਂਸਪੋਰਟ ਅਥਾਰਟੀ ਦੇ ਸੂਤਰਾਂ  ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿਚ ਡੀਜ਼ਲ ਆਟੋ ਰਿਕਸ਼ਿਆਂ ਦੀ ਰਜਿਸਟਰੇਸ਼ਨ ਕਰਨੀ ਦੋ ਸਾਲਾਂ ਤੋਂ ਪਹਿਲਾਂ ਹੀ ਬੰਦ ਕੀਤੀ ਹੋਈ ਹੈ। ਟਰਾਂਸਪੋਰਟ ਅਥਾਰਟੀ ਦੇ ਇੰਚਾਰਜ ਰਾਜੀਵ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਵਲੋਂ ਚੰਡੀਗੜ੍ਹ ' ਚ ਨਾਜਾਇਜ਼ ਤੌਰ 'ਤੇ ਚੱਲ ਰਹੇ ਅਤੇ ਪੰਚਕੂਲਾ ਤੇ ਮੋਹਾਲੀ ਤੋਂ ਰਜਿਸਟਰਡ ਕੀਤੇ ਆਟੋ ਰਿਕਸ਼ਿਆਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਸਖ਼ਤ ਕਾਰਵਾਈ ਕਰਨ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਸੰਸਦ ਮੈਂਬਰ ਕਿਰਨ ਖੇਰ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਚੰਡੀਗੜ੍ਹ ਪ੍ਰਸ਼ਾਸਨ 'ਤੇ ਡੀਜ਼ਲ ਆਟੋ ਰਿਕਸ਼ਿਆਂ ਨੂੰ ਪ੍ਰਦੂਸ਼ਣ ਫੈਲਾਉਣ ਤੋਂ ਰੋਕਣ ਲਈ ਸਖ਼ਤ ਕਾਰਵਾਈ ਕਰਨ ਲਈ ਕਿਹਾ ਸੀ।
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੰਜਾਬ ਪੱਧਰ 'ਤੇ ਬਾਈਕ ਟੈਕਸੀ ਸੇਵਾ ਵੀ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ, ਇਸ ਲਈ ਨਵੀਂ ਨੀਤੀ ਬਣਾਉਣ ਲਈ ਟਰਾਂਸਪੋਰਟ ਸਕੱਤਰ ਕੇ.ਕੇ. ਜਿੰਦਲ ਛੇਤੀ ਹੀ ਐਲਾਨ ਕਰਨਗੇ। ਇਸ ਤੋਂ ਪਹਿਲਾਂ ਟਰਾਂਸਪੋਰਟ ਵਿਭਾਗ ਵਲੋਂ ਚੰਡੀਗੜ੍ਹ 'ਚ ਈ ਰਿਕਸ਼ਾ ਪਾਲਿਸੀ ਨੂੰ ਪ੍ਰਾਨਵਾਨਗੀ ਦਿਤੀ ਜਾ ਚੁਕੀ ਹੈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ਼ਹਿਰ 'ਚ ਪ੍ਰਦੂਸ਼ਣ ਘੱਟ ਕਰਨ ਲਈ ਸੀ.ਟੀ.ਯੂ. ਲਈ ਇਲੈਕਟ੍ਰਿਕ ਬਸਾਂ ਦੀ ਖ਼ਰੀਦ ਵੀ ਕੀਤੀ ਜਾ ਰਹੀ ਹੈ।