ਮਾਲਕ ਨਾਰਾਇਣਮੂਰਤੀ ਨਾਲ ਵਿਗੜੇ ਸਬੰਧਾਂ ਕਾਰਨ ਸਿੱਕਾ ਵਲੋਂ ਅਸਤੀਫ਼ਾ
ਨਵੀਂ ਦਿੱਲੀ, 18 ਅਗੱਸਤ : ਇਨਫ਼ੋਸਿਸ ਦੇ ਪਹਿਲੇ ਗ਼ੈਰ-ਸੰਸਥਾਪਕ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਸ਼ਾਲ ਸਿੱਕਾ ਨੇ ਅਚਨਚੇਤ ਅਸਤੀਫ਼ਾ ਦੇ ਦਿਤਾ ਹੈ।
ਨਵੀਂ ਦਿੱਲੀ, 18 ਅਗੱਸਤ : ਇਨਫ਼ੋਸਿਸ ਦੇ ਪਹਿਲੇ ਗ਼ੈਰ-ਸੰਸਥਾਪਕ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਸ਼ਾਲ ਸਿੱਕਾ ਨੇ ਅਚਨਚੇਤ ਅਸਤੀਫ਼ਾ ਦੇ ਦਿਤਾ ਹੈ। ਕੰਪਨੀ ਦੇ ਨਿਰਦੇਸ਼ਕ ਮੰਡਲ ਮੁਤਾਬਕ ਇਨਫ਼ੋਸਿਸ ਦੇ ਸਹਿ ਸੰਸਥਾਪਕ ਅਤੇ ਸਾਬਕਾ ਚੇਅਰਮੈਨ ਐਨ ਆਰ ਨਾਰਾਇਣਮੂਰਤੀ ਦੇ 'ਲਗਾਤਾਰ ਹਮਲੇ' ਅਤੇ 'ਅਭਿਆਨ' ਕਾਰਨ ਸਿੱਕਾ ਨੇ ਅਸਤੀਫ਼ਾ ਦੇ ਦਿਤਾ ਹੈ। ਜਰਮਨੀ ਦੀ ਆਈਟੀ ਕੰਪਨੀ ਸੈਪ ਦੇ ਸਾਬਕਾ ਅਧਿਕਾਰੀ 50 ਸਾਲਾ ਸਿੱਕਾ ਨੇ ਖ਼ੁਦ ਨਾਰਾਇਣਮੂਰਤੀ ਦਾ ਨਾਮ ਨਹੀਂ ਲਿਆ ਪਰ ਕਿਹਾ ਕਿ ਉਨ੍ਹਾਂ ਉਤੇ ਗ਼ਲਤ, ਆਧਾਰਹੀਣ, ਮੰਦਭਾਗੇ ਅਤੇ ਵਿਅਕੀਗਤ ਹਮਲੇ ਕੀਤੇ ਗਏ ਜਦਕਿ ਉਨ੍ਹਾਂ ਦੇ ਤਿੰਨ ਸਾਲ ਦੇ ਕਾਰਜਕਾਲ ਵਿਚ ਕੰਪਨੀ ਦੀ ਆਮਦਨ 25 ਫ਼ੀ ਸਦੀ ਵਧੀ ਹੈ।
ਉਧਰ, ਨਾਰਾਇਣਮੂਰਤੀ ਨੇ ਕਿਹਾ, 'ਇਨਫ਼ੋਸਿਸ ਬੋਰਡ ਦੁਆਰਾ ਲਗਾਏ ਗਏ ਦੋਸ਼ਾਂ ਅਤੇ ਉਸ ਦੀ ਭਾਸ਼ਾ ਤੋਂ ਮੈਂ ਹੈਰਾਨ ਹਾਂ। ਮੈਂ ਅਜਿਹੇ ਬੇਬੁਨਿਆਦ ਦੋਸ਼ਾਂ ਦਾ ਜਵਾਬ ਦੇਣਾ ਅਪਣੇ ਵੱਕਾਰ ਵਿਰੁਧ ਮੰਨਦਾ ਹਾਂ।' ਨਾਰਾਇਣ ਮੂਰਤੀ ਨੇ ਸਿੱਕਾ ਦੇ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਕਿਹਾ ਕਿ ਉਹ ਇਨਫ਼ੋਸਿਸ ਬੋਰਡ ਦੇ ਦੋਸ਼ਾਂ ਦਾ ਸਹੀ ਤਰੀਕੇ ਨਾਲ, ਸਹੀ ਮੰਚ 'ਤੇ ਅਤੇ ਸਹੀ ਸਮੇਂ 'ਤੇ ਜਵਾਬ ਦੇਣਗੇ।' ਨਾਰਾਇਣ ਮੂਰਤੀ ਨੇ ਕੰਪਨੀ ਨੂੰ ਚਲਾਉਣ ਦੇ ਮਾਪਦੰਡਾਂ 'ਚ ਗਿਰਾਵਟ ਸਬੰਧੀ ਸਵਾਲ ਉਠਾਏ ਸਨ। ਕੰਪਨੀ ਦੇ ਨਿਰਦੇਸ਼ਕ ਮੰਡਲ ਅਤੇ ਐਨਆਰ ਨਾਰਾਇਣ ਮੂਰਤੀ ਦੀ ਅਗਵਾਈ ਵਿਚ ਇਸ ਦੇ ਕੁੱਝ ਚਰਚਿਤ ਸੰਸਥਾਪਕਾਂ ਵਿਚਕਾਰ ਇਕ ਸਾਲ ਤੋਂ ਸਬੰਧ ਖ਼ਰਾਬ ਹੋ ਗਏ ਸਨ ਅਤੇ ਇਸ ਵਿਚਕਾਰ ਵਿਸ਼ਾਲ ਸਿੱਕਾ ਨੇ ਅਸਤੀਫ਼ਾ ਦਿਤਾ ਹੈ।
ਇਨਫ਼ੋਸਿਸ ਦੇ ਸੰਸਥਾਪਕਾਂ ਦੀ ਕੰਪਨੀ ਵਿਚ ਹਾਲੇ ਵੀ 12.75 ਫ਼ੀ ਸਦੀ ਹਿੱਸੇਦਾਰੀ ਹੈ। ਇਨਫ਼ੋਸਿਸ ਦੇ ਮੁੱਖ ਪਰਿਚਾਲਨ ਅਧਿਕਾਰੀ ਯੂਬੀ ਪ੍ਰਵੀਨ ਰਾਏ ਨੂੰ ਅੰਤਰਮ ਸੀਈਓ ਬਣਾਇਆ ਗਿਆ ਹੈ। ਸਿੱਕਾ ਫ਼ਿਲਹਾਲ ਕੰਪਨੀ ਦੇ ਕਾਰਜਕਾਰੀ ਮੀਤ ਪ੍ਰਧਾਨ ਦੇ ਅਹੁਦੇ 'ਤੇ ਰਹਿਣਗੇ ਅਤੇ ਸਾਲਾਨਾ ਇਕ ਡਾਲਰ ਤਨਖ਼ਾਹ ਲੈਣਗੇ। ਉਹ 31 ਮਾਰਚ 2018 ਤਕ ਨਵੇਂ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਨੂੰ ਲੱਭਣ ਵਿਚ ਕੰਪਨੀ ਦੀ ਮਦਦ ਕਰਨਗੇ। ਉਧਰ, ਕੰਪਨੀ ਦੇ ਬੋਰਡ ਨੇ ਕਿਹਾ ਹੈ ਕਿ ਕੰਪਨੀ ਨੇ ਇਕ ਅਹਿਮ ਸੀਈਓ ਖੋ ਦਿਤਾ ਹੈ। (ਏਜੰਸੀ)