ਚੋਣ ਕਮਿਸ਼ਨ ਵੱਲੋਂ ਨਵੀਂ ਹਦਾਇਤ, ਉਮੀਦਵਾਰ ਜਮ੍ਹਾਂ ਕਰਾਣਗੇ ਦੋ ਵਾਧੂ ਫੋਟੋਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਕਮੀਸ਼ਨ ਨੇ ਲੋਕ ਸਭਾ ਚੋਣਾਂ ਲਈ ਇਕ ਹੋਰ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਉਮੀਦਵਾਰ ਆਪਣਾ ਨਾਮਜ਼ਦਗੀ ਫਾਰਮ ਭਰਨ ਸਮੇਂ ਦੋ ਤਾਜ਼ਾਫੋਟੋਆਂ ਵੀ ਜਮ੍ਹਾਂ ਕਰਵਾਉਣ।

Election Commission

ਚੰਡੀਗੜ੍ਹ : ਚੋਣ ਕਮੀਸ਼ਨ ਨੇ ਲੋਕ ਸਭਾ ਚੋਣਾਂ ਲਈ ਇਕ ਹੋਰ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਉਮੀਦਵਾਰ ਆਪਣਾ ਨਾਮਜ਼ਦਗੀ ਫਾਰਮ ਭਰਨ ਸਮੇਂ ਆਪਣੀਆਂ ਦੋ ਤਾਜ਼ਾ ਖਿੱਚੀਆਂ ਹੋਈਆਂ ਸਟੈਂਪ ਸਾਈਜ਼ ਫੋਟੋਆਂ ਵੀ ਜਮ੍ਹਾਂ ਕਰਵਾਉਣ। ਇਹਨਾਂ ਫੋਟੋਆਂ ਦੀ ਵਰਤੋ ਬੈਲਟ ਪੇਪਰ ‘ਤੇ ਲਾਉਣ ਲਈ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਡਾ.ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਪਹਿਲਾਂ ਉਮੀਦਵਾਰਾਂ ਨੂੰ ਇਕ ਫੋਟੋ ਬੈਲ ਪੇਪਰ ‘ਤੇ ਲਗਾਉਣ ਲਈ ਜਮ੍ਹਾ ਕਰਵਾਉਣੀ ਪੈਂਦੀ ਸੀ ਪਰ ਹੁਣ ਨਾਮਜ਼ਦਗੀ ਪੱਤਰ ‘ਚ ਤਬਦੀਲੀ ਹੋ ਗਈ ਹੈ ਅਤੇ ਉਸ ਵਿਚ ਇਕ ਬਕਸਾ ਦਿੱਤਾ ਗਿਆ ਹੈ। ਜਿਸ ਵਿਚ ਉਮੀਦਵਾਰ ਨੂੰ ਫੋਟੋ ਲਗਾਉਣ ਲਈ ਕਿਹਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਮਿਸ਼ਨ ਵੱਲੋਂ ਨਾਮਜ਼ਦਗੀ ਪੱਤਰ ‘ਚ ਹੋਈ ਤਬਦੀਲੀ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।

11 ਦਸਤਾਵੇਜ਼ਾਂ ਦੀ ਪਛਾਣ ਪੱਤਰ ਵਜੋਂ ਵਰਤੋਂ ਕਰ ਸਕਣਗੇ ਵੋਟਰ

ਲੋਕ ਸਭਾ ਚੋਣਾਂ ਵਿਚ ਵੋਟਿੰਗ ਸਮੇਂ ਵੋਟਰਾਂ ਦੀ ਪਛਾਣ ਕਰਨ ਦੇ ਮੱਦੇਨਜ਼ਰ ਚੋਣ ਕਮੀਸ਼ਨ ਭਾਰਤ ਵੱਲੋਂ 11 ਦਸਤਾਵੇਜ਼ਾਂ ਨੂੰ ਵਰਤਣ ਦੀ ਪ੍ਰਵਾਨਗੀ ਦਿਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਐਸ ਕਰੂਣਾ ਰਾਜੂ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਪਛਾਣ ਪੱਤਰ ਨਹੀਂ ਹਨ, ਉਹ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਟਡ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਛਾਣ ਪੱਤਰ, ਬੈਂਕਾਂ/ ਡਾਕਖਾਨਿਆਂ ਵੱਲੋਂ ਜਾਰੀ ਫੋਟੋ ਸਹਿਤ ਪਾਸਬੁੱਕ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼ ਪਛਾਣ ਪੱਤਰ ਵਜੋਂ ਦਿਖਾ ਕੇ ਵੀ ਵੋਟ ਪਾ ਸਕਦੇ ਹਨ।