ਭਾਜਪਾ ਵਿਧਾਇਕ ਬੰਸ਼ੀਧਰ ਭਗਤ ਬਣੇ ਉੱਤਰਾਖੰਡ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਤਵੀਂ ਵਾਰ ਵਿਧਾਇਕ ਬਣੇ ਭਗਤ ਨੂੰ ਨਵੀਂ ਵਿਧਾਨ ਸਭਾ ਵਲੋਂ ਸਪੀਕਰ ਦੀ ਚੋਣ ਹੋਣ ਤੱਕ ਦੇ ਸਮੇਂ ਲਈ ਪ੍ਰੋ-ਟੇਮ ਸਪੀਕਰ ਬਣਾਇਆ ਗਿਆ

Banshidhar Bhagat

 

ਦੇਹਰਾਦੂਨ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬੰਸ਼ੀਧਰ ਭਗਤ ਨੇ ਸੋਮਵਾਰ ਨੂੰ ਉੱਤਰਾਖੰਡ ਦੀ ਨਵੀਂ ਚੁਣੀ ਗਈ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ (ਵਿਧਾਨ ਸਭਾ ਦੇ ਕਾਰਜਕਾਰੀ ਸਪੀਕਰ) ਵਜੋਂ ਸਹੁੰ ਚੁੱਕੀ। ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਇੱਥੇ ਰਾਜ ਭਵਨ ਵਿਖੇ ਕਾਰਜਕਾਰੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਮੁੱਖ ਸਕੱਤਰ ਐਸਐਸ ਸੰਧੂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਾਲਾਧੁੰਗੀ ਦੇ ਵਿਧਾਇਕ ਭਗਤ ਨੂੰ ਸਹੁੰ ਚੁਕਾਈ।

 

ਪ੍ਰੋਟੈਮ ਸਪੀਕਰ ਬਣਨ ਤੋਂ ਬਾਅਦ ਭਗਤ ਵਿਧਾਨ ਸਭਾ ਪੁੱਜੇ, ਜਿੱਥੇ ਉਨ੍ਹਾਂ ਨੇ ਬਾਕੀ ਚੁਣੇ ਹੋਏ ਵਿਧਾਇਕਾਂ ਨੂੰ ਮੈਂਬਰਸ਼ਿਪ ਦੀ ਸਹੁੰ ਚੁਕਾਈ। ਸੱਤਵੀਂ ਵਾਰ ਵਿਧਾਇਕ ਬਣੇ ਭਗਤ ਨੂੰ ਨਵੀਂ ਵਿਧਾਨ ਸਭਾ ਵਲੋਂ ਸਪੀਕਰ ਦੀ ਚੋਣ ਹੋਣ ਤੱਕ ਦੇ ਸਮੇਂ ਲਈ ਪ੍ਰੋ-ਟੇਮ ਸਪੀਕਰ ਬਣਾਇਆ ਗਿਆ ਹੈ। 1991 ਵਿੱਚ ਪਹਿਲੀ ਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਨੈਨੀਤਾਲ ਤੋਂ ਵਿਧਾਇਕ ਬਣੇ ਭਗਤ 1993 ਅਤੇ 1996 ਵਿੱਚ ਵੀ ਨੈਨੀਤਾਲ ਵਿਧਾਨ ਸਭਾ ਹਲਕੇ ਤੋਂ ਜਿੱਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵਿੱਚ ਰਾਜ ਮੰਤਰੀ ਬਣਾਇਆ ਗਿਆ। ਸਾਲ 2000 ਵਿੱਚ ਰਾਜ ਦੇ ਗਠਨ ਤੋਂ ਬਾਅਦ, ਉਹ ਉੱਤਰਾਖੰਡ ਦੀ ਅੰਤਰਿਮ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ।

 

 

ਪ੍ਰੋਟੈਮ ਸਪੀਕਰ ਦਾ ਕੰਮ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਉਣਾ ਅਤੇ ਸਪੀਕਰ (ਅਸੈਂਬਲੀ ਸਪੀਕਰ) ਦੀ ਚੋਣ ਕਰਵਾਉਣਾ ਹੈ। ਆਮ ਤੌਰ 'ਤੇ ਸਭ ਤੋਂ ਸੀਨੀਅਰ ਵਿਧਾਇਕ, ਭਾਵ ਸਭ ਤੋਂ ਵੱਧ ਵਾਰ ਚੋਣ ਜਿੱਤਣ ਵਾਲੇ ਨੂੰ ਪ੍ਰੋ-ਟੈਮ ਸਪੀਕਰ ਬਣਾਇਆ ਜਾਂਦਾ ਹੈ, ਪਰ ਰਾਜਪਾਲ ਲਈ ਇਸ ਨੂੰ ਸਵੀਕਾਰ ਕਰਨਾ ਜ਼ਰੂਰੀ ਨਹੀਂ ਹੁੰਦਾ। ਪ੍ਰੋ ਟੈਮ ਸਪੀਕਰ ਲਈ, ਵਿਧਾਨ ਸਭਾ ਸਕੱਤਰੇਤ ਦੁਆਰਾ ਰਾਜਪਾਲ ਨੂੰ ਸਭ ਤੋਂ ਸੀਨੀਅਰ ਵਿਧਾਇਕਾਂ ਦੇ ਨਾਮ ਭੇਜੇ ਜਾਂਦੇ ਹਨ ਅਤੇ ਰਾਜਪਾਲ ਵਿਧਾਇਕਾਂ ਵਿੱਚੋਂ ਇੱਕ ਦੀ ਚੋਣ ਕਰਦਾ ਹੈ, ਇਹ ਰਾਜਪਾਲ ਦਾ ਅਧਿਕਾਰ ਹੈ ਕਿ ਕਿਸ ਨੂੰ ਚੁਣਨਾ ਹੈ।