ਚੰਡੀਗੜ੍ਹ 'ਚ ਬਦਲੇਗਾ ਸਿਹਤ ਕਰਮਚਾਰੀਆਂ ਦਾ 'ਅੱਡਾ' : ਤਬਾਦਲਾ ਨੀਤੀ ਤਹਿਤ ਹੋਵੇਗਾ ਮੁਲਾਜ਼ਮਾਂ ਦਾ ਤਬਾਦਲਾ
ਬੀਤੇ ਦਿਨੀ ਸਿਹਤ ਸਕੱਤਰ ਵਲੋਂ ਹਸਪਤਾਲਾਂ ਦੀ ਕੀਤੀ ਅਚਨਚੇਤ ਚੈਕਿੰਗ ਦੌਰਾਨ ਵਰਕਰ ਸੁੱਤੇ ਹੋਏ ਪਾਏ ਗਏ
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਛੇਤੀ ਹੀ ਉਨ੍ਹਾਂ ਸਿਹਤ ਕਰਮਚਾਰੀਆਂ ਦਾ ਤਬਾਦਲਾ ਕਰ ਸਕਦਾ ਹੈ ਜੋ ਸਾਲਾਂ ਤੋਂ ਇੱਕੋ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਰਹਿ ਰਹੇ ਹਨ। ਸ਼ਹਿਰ ਦੇ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਤਬਾਦਲਾ ਨੀਤੀ ਸਬੰਧੀ ਜਾਣਕਾਰੀ ਮੰਗੀ ਹੈ। ਇਹ ਕਦਮ ਉਨ੍ਹਾਂ ਨੇ 16/17 ਮਾਰਚ ਦੀ ਰਾਤ ਨੂੰ ਸ਼ਹਿਰ ਦੇ ਹਸਪਤਾਲਾਂ ਦਾ ਅਚਨਚੇਤ ਦੌਰਾ ਕਰਨ ਦੌਰਾਨ ਪਾਈਆਂ ਗਈਆਂ ਕੁਤਾਹੀਆਂ ਤੋਂ ਬਾਅਦ ਚੁੱਕਿਆ ਹੈ। ਜਾਣਕਾਰੀ 'ਚ ਪਤਾ ਲੱਗਾ ਹੈ ਕਿ ਕਈ ਅਜਿਹੇ ਮੁਲਾਜ਼ਮ ਹਨ ਜੋ ਦਹਾਕਿਆਂ ਤੋਂ ਇਸੇ ਥਾਂ 'ਤੇ ਤਾਇਨਾਤ ਹਨ।
ਯਸ਼ਪਾਲ ਗਰਗ ਨੇ ਆਪਣੇ ਦੌਰੇ ਦੌਰਾਨ ਦੇਖਿਆ ਕਿ ਕਈ ਮੁਲਾਜ਼ਮ ਡਿਊਟੀ ਤੋਂ ਗਾਇਬ ਸਨ ਜਦਕਿ ਕਈ ਕਰਮਚਾਰੀ ਗੱਲਬਾਤ ਕਰਦੇ ਅਤੇ ਸੌਂਦੇ ਹੋਏ ਪਾਏ ਸਨ।
ਜਾਣਕਾਰੀ ਅਨੁਸਾਰ ਮਨੀਮਾਜਰਾ ਹਸਪਤਾਲ, ਸੈਕਟਰ 45 ਹਸਪਤਾਲ, ਸੈਕਟਰ 22 ਹਸਪਤਾਲ, ਸੈਕਟਰ 16 ਹਸਪਤਾਲ, ਸੈਕਟਰ 32 ਹਸਪਤਾਲ ਅਤੇ ਸੈਕਟਰ 8 ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰ ਦਾ ਨਿਰੀਖਣ ਕੀਤਾ ਗਿਆ।
3 ਮਾਮਲਿਆਂ ਵਿੱਚ ਇਹ ਪਾਇਆ ਗਿਆ ਹੈ ਕਿ ਸਿਹਤ ਅਤੇ ਤੰਦਰੁਸਤੀ ਕੇਂਦਰ ਦੇ ਕਰਮਚਾਰੀ 12 ਸਾਲਾਂ ਤੋਂ ਵੱਧ ਸਮੇਂ ਤੋਂ ਇੱਥੇ ਤਾਇਨਾਤ ਹਨ। ਇੱਕ ਕੇਸ ਵਿੱਚ ਇਹ ਕਰਮਚਾਰੀ 20 ਸਾਲਾਂ ਤੋਂ ਇਥੇ ਸੀ ਅਤੇ ਇੱਕ ਕੇਸ ਵਿੱਚ 28 ਸਾਲਾਂ ਤੋਂ ਇਸ ਦੀ ਬਦਲੀ ਨਹੀਂ ਹੋਈ। ਅਜਿਹੀ ਸਥਿਤੀ ਵਿੱਚ ਤਬਾਦਲਾ ਨੀਤੀ ਦੀ ਮੰਗ ਕੀਤੀ ਗਈ ਹੈ ਤਾਂ ਜੋ ਇੱਕ ਥਾਂ 'ਤੇ ਤਾਇਨਾਤੀ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ। ਇਹ ਰਿਪੋਰਟ ਡੀਐਚਐਸ ਤੋਂ ਮੰਗੀ ਗਈ ਹੈ।
ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸਿਹਤ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਉਨ੍ਹਾਂ ਡਾਕਟਰਾਂ ਦੀ ਸੂਚੀ ਵੀ ਤਿਆਰ ਕੀਤੀ ਹੈ ਜੋ ਇੱਥੇ ਨਿਰਧਾਰਤ ਸਮੇਂ ਤੋਂ ਵੱਧ ਡੈਪੂਟੇਸ਼ਨ ’ਤੇ ਹਨ। ਦੱਸ ਦੇਈਏ ਕਿ 7 ਸਾਲ ਤੋਂ ਵੱਧ ਸਮੇਂ ਤੋਂ ਇੱਥੇ 72 ਡਾਕਟਰ ਡੈਪੂਟੇਸ਼ਨ ’ਤੇ ਸੇਵਾ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਇਨ੍ਹਾਂ ਵਿੱਚੋਂ 4 ਨੂੰ ਇਥੇ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ। ਆਮ ਤੌਰ 'ਤੇ ਡੈਪੂਟੇਸ਼ਨ ਦੀ ਮਿਆਦ 3 ਸਾਲ ਹੁੰਦੀ ਹੈ।