ਵਿਰਾਸਤੀ ਸਥਾਨਾਂ ਦੇ ਦਰਸ਼ਨਾਂ ਲਈ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ, ਭਾਰਤ ਗੌਰਵ ਟੂਰਿਸਟ ਟਰੇਨ ਜਲਦ ਹੋਵੇਗੀ ਸ਼ੁਰੂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਰੇਲ ਗੱਡੀ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਭਾਰਤ ਦੇ ਪ੍ਰਾਚੀਨ ਸ਼ਹਿਰ ਕਾਸ਼ੀ ਸਮੇਤ ਪ੍ਰਮੁੱਖ ਸਥਾਨਾਂ ਦੇ ਦਰਸ਼ਨ ਕਰਵਾਏਗੀ।

Bharat Gaurav tourist train

ਨਵੀਂ ਦਿੱਲੀ - ਹੁਣ ਲੋਕਾਂ ਨੂੰ ਕਈ ਵਿਰਾਸਤੀ ਸਥਾਨਾਂ ਦੇ ਦਰਸ਼ਨ ਕਰਨ ਦੀ ਸਹੂਲਤ ਮਿਲੇਗੀ ਕਿਉਂਕਿ ਵਿਰਾਸਤੀ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ 'ਭਾਰਤ ਗੌਰਵ ਟੂਰਿਸਟ' ਰੇਲ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਸੁਵਿਧਾ ਭਾਰਤੀ ਰੇਲਵੇ ਵਲੋਂ ਦਿੱਤੀ ਜਾ ਰਹੀ ਹੈ। ਦੋ ਦੇਸ਼ਾਂ ਭਾਰਤ ਅਤੇ ਨੇਪਾਲ ਦੇ ਪ੍ਰਮੁੱਖ ਤੀਰਥ ਸਥਾਨਾਂ ਅਤੇ ਵਿਰਾਸਤੀ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ 'ਭਾਰਤ ਗੌਰਵ ਟੂਰਿਸਟ' ਰੇਲ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਭਾਰਤ ਦੇ ਪ੍ਰਾਚੀਨ ਸ਼ਹਿਰ ਕਾਸ਼ੀ ਸਮੇਤ ਪ੍ਰਮੁੱਖ ਸਥਾਨਾਂ ਦੇ ਦਰਸ਼ਨ ਕਰਵਾਏਗੀ।  

ਰੇਲ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਭਾਰਤ ਗੌਰਵ ਟੂਰਿਸਟ ਰੇਲ-ਗੱਡੀ ਫਿਰੋਜ਼ਪੁਰ ਰੇਲ ਡਵੀਜ਼ਨ ਅਧੀਨ ਆਉਂਦੇ ਜਲੰਧਰ ਸਿਟੀ ਸਟੇਸ਼ਨ ਤੋਂ 31 ਮਾਰਚ ਨੂੰ ਚੱਲੇਗੀ, ਜੋ ਭਾਰਤ-ਨੇਪਾਲ ਦੇ ਆਪਸੀ -ਵਿਸ਼ਵਾਸ ਦੀ ਕੜੀ ਨੂੰ ਮਜ਼ਬੂਤ ਕਰੇਗੀ। ਮਿਲੀ ਜਾਣਕਾਰੀ ਅਨੁਸਾਰ ਇਹ ਰੇਲ ਗੱਡੀ ਅਤਿ- ਆਧੁਨਿਕ ਡੀਲਕਸ ਏ. ਸੀ. ਟੂਰਿਸਟ ਹੋਵੇਗੀ ਤੇ ਇਹ ਵਿਸ਼ੇਸ਼ ਯਾਤਰਾ 10 ਦਿਨਾਂ ਦੀ ਹੋਵੇਗੀ। 

ਇਹ ਵੀ ਪੜ੍ਹੋ - ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਕਿਹਾ, “ਦਿੱਲੀ ਦਾ ਬਜਟ ਨਾ ਰੋਕੋ” 

ਇਸ ਯਾਤਰਾ ਦੌਰਾਨ ਅਯੁੱਧਿਆ, ਪ੍ਰਯਾਗਰਾਜ ਦੇ ਨਾਲ-ਨਾਲ ਵਾਰਾਨਸੀ ਵਿਚ ਕਾਸ਼ੀ ਵਿਸ਼ਵਾਨਾਥ ਮੰਦਰ ਅਤੇ ਕਾਠਮੰਡੂ ਵਿਚ ਪਸ਼ੂਪਤੀਨਾਥ ਮੰਦਰ ਮੁੱਖ ਆਕਰਸ਼ਨ ਹੋਣਗੇ। ਰੇਲਵੇ ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ ਭਾਰਤ ਗੌਰਵ ਟੂਰਿਸਟ ਟਰੇਨ ਵਿਚ ਸਫ਼ਰ ਕਰਨ ਵਾਲੇ ਯਾਤਰੀ ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਣੀਪਤ, ਦਿੱਲੀ ਸਫਦਰਜੰਗ, ਗਾਜ਼ੀਆਬਾਦ, ਅਲੀਗੜ੍ਹ, ਟੁੰਡਲਾ, ਇਟਾਵਾ ਅਤੇ ਕਾਨਪੁਰ ਰੇਲਵੇ ਸਟੇਸ਼ਨਾਂ 'ਤੇ ਇਸ ਵਿਚ ਚੜ੍ਹਿਆ ਤੇ ਉੱਤਰਿਆ ਜਾ ਸਕਦਾ ਹੈ। ਜਾਣਕਾਰੀ ਦਿੱਤੀ ਗਈ ਹੈ ਕਿ 11 ਤੀਸਰੇ ਏਅਰ ਕੰਡੀਸ਼ਨਰ ਕੋਚਾਂ ਵਾਲੀ ਇਸ ਭਾਰਤ ਗੌਰਵ ਟੂਰਿਸਟ ਰੇਲ ਗੱਡੀ ਵਿਚ 600 ਯਾਤਰੀ ਸਫ਼ਰ ਕਰ ਸਕਣਗੇ।

ਯਾਤਰਾ 'ਚ ਅਯੁੱਧਿਆ ਤੋਂ ਇਲਾਵਾ ਨੰਦੀਗ੍ਰਾਮ ਅਤੇ ਪ੍ਰਯਾਗਰਾਜ ਸ਼ਾਮਿਲ ਹੋਣਗੇ। ਰੇਲ ਵਿਭਾਗ ਵਲੋਂ ਸਾਂਝੀ ਕੀਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਭਾਰਤ ਗੌਰਵ ਟੂਰਿਸਟ ਰੇਲ ਗੱਡੀ ਦਾ 10 ਦਿਨਾਂ ਦਾ ਟੂਰ ਪੈਕੇਜ 27,815 ਰੁਪਏ ਪ੍ਰਤੀ ਵਿਅਕਤੀ ਹੋਵੇਗਾ, ਜਿਸ ਵਿਚ ਰੇਲ ਯਾਤਰਾ, ਏ. ਸੀ. ਹੋਟਲਾਂ ਵਿਚ ਰਾਤ ਭਰ ਠਹਿਰਨਾ, ਸਾਰੇ ਭੋਜਨ (ਸਿਰਫ਼ ਸ਼ਾਕਾਹਾਰੀ), ਬੱਸਾਂ ਅਤੇ ਸੈਰ-ਸਪਾਟੇ, ਯਾਤਰਾ ਬੀਮਾ ਅਤੇ ਗਾਈਡ ਸੇਵਾਵਾਂ ਆਦਿ ਸ਼ਾਮਿਲ ਹੋਣਗੇ। ਰੇਲ ਵਿਭਾਗ ਨੇ ਮੌਜੂਦਾ ਕੋਵਿਡ-19 ਸਥਿਤੀ ਵਿਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮਹਿਮਾਨਾਂ ਲਈ ਪੂਰਾ ਟੀਕਾਕਰਨ (ਡਬਲ ਡੋਜ਼) ਲਾਜ਼ਮੀ ਕਿਹਾ ਹੈ।