Jammu Kashmir News: ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਭਿਆਨਕ ਅੱਗ ਲੱਗਣ ਨਾਲ 20 ਤੋਂ ਵੱਧ ਘਰ ਸੜ ਕੇ ਹੋਏ ਸੁਆਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਅੱਗ ਲੱਗਣ ਦੌਰਾਨ ਕੁਝ ਗੈਸ ਸਿਲੰਡਰ ਫਟ ਗਏ, ਜਿਸ ਕਾਰਨ ਅੱਗ ਨੇ ਕਈ ਹੋਰ ਘਰਾਂ ਨੂੰ ਲਪੇਟ ’ਚ ਲੈ ਲਿਆ।

More than 20 houses burnt to ashes in a massive fire in Anantnag, Jammu and Kashmir

 

Jammu Kashmir News: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਲੱਗੀ ਭਿਆਨਕ ਅੱਗ ਵਿੱਚ 20 ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ, ਜਿਸ ਕਾਰਨ ਲਗਭਗ ਤਿੰਨ ਦਰਜਨ ਪਰਿਵਾਰ ਬੇਘਰ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਅੱਗ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਕਾਦੀਪੋਰਾ ਇਲਾਕੇ ਦੇ ਗਾਜ਼ੀ ਨਾਗ ਵਿਖੇ ਇੱਕ ਘਰ ਵਿੱਚ ਲੱਗੀ ਅਤੇ ਤੇਜ਼ੀ ਨਾਲ ਨੇੜਲੇ ਘਰਾਂ ਵਿੱਚ ਫੈਲ ਗਈ।

ਇਸ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਅੱਗ ਲੱਗਣ ਦੌਰਾਨ ਕੁਝ ਗੈਸ ਸਿਲੰਡਰ ਫਟ ਗਏ, ਜਿਸ ਕਾਰਨ ਅੱਗ ਨੇ ਕਈ ਹੋਰ ਘਰਾਂ ਨੂੰ ਲਪੇਟ ’ਚ ਲੈ ਲਿਆ।

ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ, ਹੋਰ ਸੁਰੱਖਿਆ ਬਲਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੋਕਾਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਪਰ ਕਈ ਘਰਾਂ ਨੂੰ ਨਹੀਂ ਬਚਾਅ ਸਕੇ।

ਅਧਿਕਾਰੀਆਂ ਅਨੁਸਾਰ ਅੱਗ ਬੁਝਾਉਣ ਦਾ ਕੰਮ ਸਾਰੀ ਰਾਤ ਜਾਰੀ ਰਿਹਾ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਅਨੰਤਨਾਗ ਦੇ ਤਹਿਸੀਲਦਾਰ ਸੱਜਾਦ ਅਹਿਮਦ ਵਾਨੀ ਨੇ ਦੱਸਿਆ ਕਿ ਅੱਗ ਵਿੱਚ ਕੁੱਲ 22 ਘਰ ਸੜ ਗਏ, ਜਿਸ ਕਾਰਨ 37 ਪਰਿਵਾਰ ਬੇਘਰ ਹੋ ਗਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਤਿਆਰ ਹੈ।

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਅਤੇ ਪੁਨਰਵਾਸ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

 ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਲਿਖਿਆ, "ਅਨੰਤਨਾਗ ਵਿੱਚ ਲੱਗੀ ਭਿਆਨਕ ਅੱਗ ਵਿੱਚ ਕਈ ਘਰ ਸੜ ਗਏ ਹਨ, ਜਿਸ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ। ਪ੍ਰਭਾਵਿਤਾਂ ਨੂੰ ਤੁਰੰਤ ਰਾਹਤ ਅਤੇ ਪੁਨਰਵਾਸ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਅਸੀਂ ਇਸ ਮੁਸ਼ਕਲ ਸਮੇਂ ਵਿੱਚ ਪੀੜਤਾਂ ਦੇ ਨਾਲ ਖੜ੍ਹੇ ਹਾਂ।