ਮਹਾਂਦੋਸ਼ ਪ੍ਰਸਤਾਵ ਦਾ ਲੋਇਆ ਅਤੇ ਅਯੁਧਿਆ ਮਾਮਲੇ ਨਾਲ ਕੋਈ ਸਬੰਧ ਨਹੀਂ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਫ਼ ਜਸਟਿਸ ਵਿਰੁਧ ਮਹਾਂਦੋਸ਼ ਮਤੇ ਦਾ ਮਾਮਲਾ

Case of Chief Justice

ਕਾਂਗਰਸ ਨੇ ਕਿਹਾ ਕਿ ਉਸ ਦੇ ਇਸ ਕਦਮ ਪਿੱਛੇ ਕੋਈ ਰਾਜਨੀਤਕ ਮਕਸਦ ਨਹੀਂ ਹੈ ਅਤੇ ਇਸ ਦਾ ਜੱਜ ਬੀ ਐਚ ਲੋਇਆ ਮਾਮਲੇ ਵਿਚ ਕਲ ਸੁਣਾਏ ਗਏ ਫ਼ੈਸਲੇ ਅਤੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਵਿਚ ਹੋ ਰਹੀ ਸੁਣਵਾਈ ਨਾਲ ਕੋਈ ਸਬੰਧ ਨਹੀਂ ਹੈ। ਜ਼ਿਕਰਯੋਗ ਹੈ ਕਿ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਬੈਂਚ ਆਯੁੱਧਿਆ ਵਿਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਨਾਇਡੂ ਨੂੰ ਮਹਾਂਦੋਸ਼ ਚਲਾਉਣ ਦੇ ਪ੍ਰਸਤਾਵ ਦਾ ਨੋਟਿਸ ਦੇਣ ਤੋਂ ਬਾਅਦ ਕਪਿਲ ਸਿੱਬਲ ਨੇ ਕਿਹਾ ਕਿ ਮੁੱਖ ਜੱਜ ਦੇ ਅਹੁਦੇ ਦੀ ਇਕ ਮਰਿਆਦਾ ਹੁੰਦੀ ਹੈ।

ਇਸ ਅਹੁਦੇ ਦਾ ਅਸੀਂ ਸਨਮਾਨ ਕਰਦੇ ਹਾਂ ਪਰ ਖ਼ੁਦ ਮੁੱਖ ਜੱਜ ਨੂੰ ਵੀ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਸੀ ਕਿ ਚਾਰ ਜੱਜਾਂ ਨੇ ਜੋ ਸਵਾਲ ਖੜ੍ਹੇ ਕੀਤੇ ਸਨ, ਉਨ੍ਹਾਂ ਦਾ ਹੱਲ ਹੋਵੇਗਾ ਪਰ ਅਜਿਹਾ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਸੀਬੀਆਈ ਦੇ ਵਿਸ਼ੇਸ਼ ਜੱਜ ਬੀ ਐਚ ਲੋਇਆ ਦੀ ਸ਼ੱਕੀ ਹਾਲਤਾਂ ਵਿਚ ਹੋਈ ਮੌਤ ਦੀ ਜਾਂਚ ਲਈ ਦਾਇਰ ਅਰਜ਼ੀਆਂ ਖ਼ਾਰਜ ਕੀਤੇ ਜਾਣ ਦੇ ਅਗਲੇ ਹੀ ਦਿਨ ਮਹਾਂਦੋਸ਼ ਦਾ ਨੋਟਿਸ ਦਿਤਾ ਗਿਆ ਹੈ। ਲੋਇਆ ਸੋਹਰਾਬੂਦੀਨ ਫ਼ਰਜ਼ੀ ਮੁਠਭੇੜ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਸੀਨੀਅਰ ਅਦਾਲਤ ਦੇ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਲ ਇਹ ਫ਼ੈਸਲਾ ਸੁਣਾਇਆ ਸੀ।  (ਪੀਟੀਆਈ)